ਤਿੰਨ ਮਹੀਨੇ ਤੋਂ ਬੰਦ ਪਿਆ ਹੈ ਰੇਲਵੇ ਦਾ ਸੱਭ ਤੋਂ ਵੱਡਾ ਪ੍ਰੋਜੈਕਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਵਿਚ ਚਿਨਾਬ ਨਦੀ 'ਤੇ ਰੇਲਵੇ 1.3 ਕਿਲੋਮੀਟਰ ਭਾਵ ਕਿ 1300 ਮੀਟਰ ਲੰਮਾ ਇਕ ਰੇਲ ਪੁੱਲ ਬਣਾ ਰਿਹਾ ਹੈ। ਇਸ ਆਰਕ ਪੁੱਲ ਦੀ ਉਚਾਈ ਨਦੀ ਤਲ ਤੋਂ 359 ਮੀਟਰ ਉੱਚੀ ਹੈ।

Chenab bridge

ਸ਼੍ਰੀਨਗਰ : ਭਾਰਤੀ ਰੇਲਵੇ ਦੇ ਚਿਨਾਬ ਰੇਲ ਪੁੱਲ 'ਤੇ ਉਸਾਰੀ ਦਾ ਕੰਮ 3 ਮਹੀਨੇ ਤੋਂ ਠੱਪ ਪਿਆ ਹੈ। ਇਸ ਪੁੱਲ ਨੂੰ ਰੇਲਵੇ ਦੇ ਇਤਿਹਾਸ ਦਾ ਸੱਭ ਤੋਂ ਵੱਡਾ ਪ੍ਰੋਜੈਕਟ ਮੰਨਿਆ ਜਾਂਦਾ ਹੈ। ਜੰਮੂ ਵਿਚ ਚਿਨਾਬ ਨਦੀ 'ਤੇ ਰੇਲਵੇ 1.3 ਕਿਲੋਮੀਟਰ ਭਾਵ ਕਿ 1300 ਮੀਟਰ ਲੰਮਾ ਇਕ ਰੇਲ ਪੁੱਲ ਬਣਾ ਰਿਹਾ ਹੈ। ਇਹ ਇਕ ਆਰਕ ਪੁੱਲ ਹੈ ਅਤੇ ਇਸ ਦੀ ਉਚਾਈ ਨਦੀ ਤਲ ਤੋਂ 359 ਮੀਟਰ ਉੱਚੀ ਹੈ।

ਇਸ ਤਰ੍ਹਾਂ ਇਹ ਦੁਨੀਆਂ ਦਾ ਸੱਭ ਤੋਂ ਉੱਚਾ ਆਰਕ ਪੁੱਲ ਹੈ ਅਤੇ ਇਸ ਦੀ ਉਚਾਈ ਪੈਰਿਸ ਦੇ ਆਈਫ਼ਲ ਟਾਵਰ ਤੋਂ ਵੀ ਵੱਧ ਹੈ। ਇਸ ਦੀ ਨਿਗਰਾਨੀ ਦਾ ਕੰਮ ਕੋਂਕਣ ਰੇਲਵੇ ਨੂੰ ਦਿਤਾ ਗਿਆ ਹੈ ਜਦਕਿ ਇਸ ਦਾ ਠੇਕਾ ਨਿਜੀ ਕੰਪਨੀ ਐਫਕਾਨ ਦੇ ਕੋਲ ਹੈ। ਸੂਤਰਾਂ ਮੁਤਾਬਕ ਚਿਨਾਬ ਪੁੱਲ ਦੇ ਆਰਕ ਦੇ ਜਿਹੜੀ ਪੇਟਿੰਗ ਹੋਣੀ ਹੈ ਉਸ ਦੀ ਗੁਣਵੱਤਾ ਨੂੰ ਲੈ ਕੇ ਨਿਜੀ ਕੰਪਨੀ ਅਤੇ ਕੋਂਕਣ ਰੇਲਵੇ ਵਿਚਕਾਰ ਸਹਿਮਤੀ ਨਹੀਂ ਬਣ ਸਕੀ ਹੈ।

ਦਰਅਸਲ ਇਸ ਪੁੱਲ 'ਤੇ ਅਜਿਹੀ ਪੇਟਿੰਗ ਲਗਾਈ ਜਾਣੀ ਹੈ ਜੋ ਇਲਾਕੇ ਵਿਚ ਮੌਸਮ ਦੇ ਅਨੁਕੂਲ ਨਾ ਹੋਣ 'ਤੇ ਵੀ ਪੁੱਲ ਨੂੰ ਘੱਟ ਤੋਂ ਘੱਟ 15 ਸਾਲ ਦੇ ਲਈ ਜੰਗ ਤੋਂ ਬਚਾ ਸਕੇ। ਇਸ ਤੋਂ ਇਲਾਵਾ ਪੁੱਲ ਵਿਚ ਲਗਣ ਵਾਲੇ ਨਵੇਂ ਕਿਸਮ ਦੇ ਭਾਰੀ ਬੋਲਟਸ, ਸਟੀਲ ਦੇ ਪਲੇਟਸ ਅਤੇ ਢਾਂਚੇ ਨੂੰ ਲਗਾਉਣ ਲਈ ਨਿਜੀ ਕੰਪਨੀ ਨਵੀਆਂ ਕੀਮਤਾਂ ਦੀ ਮੰਗ ਕਰ ਰਹੀ  ਹੈ,

ਕਿਉਂਕਿ ਪੁਰਾਣੇ ਸਮਝੌਤੇ ਵਿਚ ਇਸ ਦਾ ਜ਼ਿਕਰ ਨਹੀਂ ਸੀ, ਪਰ ਰੇਲਵੇ ਅਤੇ ਨਿਜੀ ਕੰਪਨੀ ਵਿਚਕਾਰ ਇਸ 'ਤੇ ਕੋਈ ਸਮਝੌਤਾ ਨਹੀਂ ਹੋ ਸਕਿਆ ਹੈ ਜਿਸ ਕਾਰਨ ਬੀਤੇ 25 ਅਕਤੂਬਰ 2018 ਤੋਂ ਇਸ ਪੁੱਲ 'ਤੇ ਆਰਕ ਲਗਾਉਣ ਦਾ ਮੁੱਖ ਕੰਮ ਰੁਕਿਆ ਹੋਇਆ ਹੈ। ਕੰਪਨੀ ਨਾਲ ਜੁੜੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਨਵੀਆਂ ਕੀਮਤਾਂ 'ਤੇ ਸਮਝੌਤਾ ਰੇਲਵੇ ਅਤੇ ਕੰਪਨੀ ਵਿਚਕਾਰ ਹੋਣਾ ਹੈ।

1250 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਪੁੱਲ ਨੂੰ ਪਿਛਲੇ ਸਾਲ ਦੇ ਟੀਚੇ ਮੁਤਾਕ ਜੂਨ 2019 ਤੱਕ ਪੂਰਾ ਹੋ ਜਾਣਾ ਸੀ। ਬਾਅਦ ਵਿਚ ਦਸੰਬਰ 2019 ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਸੀ। ਜਿਸ ਤਰੀਕੇ ਨਾਲ ਇਸ ਪੁੱਲ ਦੀ ਉਸਾਰੀ ਵਿਚ ਰੁਕਾਵਟ ਆ ਰਹੀ ਹੈ ਉਸ ਤੋਂ ਇੰਝ ਜਾਪਦਾ ਹੈ ਕਿ ਇਸ ਦੀ ਉਸਾਰੀ ਇਸ ਦੀ ਉਸਾਰੀ ਇਸ ਸਾਲ ਵੀ ਪੂਰੀ ਨਹੀਂ ਹੋ ਸਕੇਗੀ ।