ਰਾਬਰਟ ਵਾਡਰਾ ਤੋਂ ਈ.ਡੀ. ਨੇ ਕੀਤੀ ਪੁੱਛ-ਪੜਤਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ 'ਚ ਕਥਿਤ ਤੌਰ 'ਤੇ ਨਾਜਾਇਜ਼ ਜਾਇਦਾਦ ਰੱਖਣ ਦੇ ਸਿਲਸਿਲੇ 'ਚ ਕਾਲੇ ਧਨ ਨੂੰ ਚਿੱਟਾ ਕਰਨ ਨਾਲ ਜੁੜੇ ਇਸ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.)....

Robert Vadra

ਨਵੀਂ ਦਿੱਲੀ : ਵਿਦੇਸ਼ 'ਚ ਕਥਿਤ ਤੌਰ 'ਤੇ ਨਾਜਾਇਜ਼ ਜਾਇਦਾਦ ਰੱਖਣ ਦੇ ਸਿਲਸਿਲੇ 'ਚ ਕਾਲੇ ਧਨ ਨੂੰ ਚਿੱਟਾ ਕਰਨ ਨਾਲ ਜੁੜੇ ਇਸ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁਧਵਾਰ ਨੂੰ ਰਾਬਰਟ ਵਾਡਰਾ ਕੋਲੋਂ ਪੁੱਛ-ਪੜਤਾਲ ਕੀਤੀ। ਇਹ ਪੁੱਛ-ਪੜਤਾਲ ਅਜਿਹੇ ਸਮੇਂ ਹੋਈ ਹੈ ਜਦੋਂ ਹਾਲ ਹੀ 'ਚ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਗਾਂਧੀ ਨੂੰ ਰਸਮੀ ਤੌਰ 'ਤੇ ਕਾਂਗਰਸ 'ਚ ਸ਼ਾਮਲ ਕੀਤਾ ਗਿਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਚਿੱਟੀ ਟੋਯੋਟਾ ਲੈਂਡ ਕਰੂਜ਼ਰ ਗੱਡੀ 'ਚ ਰਾਬਰਟ ਵਾਡਰਾ ਨਾਲ ਸੀ ਅਤੇ ਉਨ੍ਹਾਂ ਪਿੱਛੇ ਐਸ.ਪੀ.ਜੀ. ਦੇ ਸੁਰੱਖਿਆ ਮੁਲਾਜ਼ਮਾਂ ਦੀਆਂ ਗੱਡੀਆਂ ਸਨ।

ਉਨ੍ਹਾਂ ਨੇ ਵਾਡਰਾ ਨੂੰ ਮੱਧ ਦਿੱਲੀ ਦੇ ਜਾਮਨਗਰ ਹਾਊਸ 'ਚ ਸਥਿਤ ਏਜੰਸੀ ਦੇ ਦਫ਼ਤਰ ਸਾਹਮਣੇ ਛਡਿਆ ਅਤੇ ਉਥੋਂ ਤੁਰਤ ਅਪਣੀਆਂ ਗੱਡੀਆਂ ਦੇ ਕਾਫ਼ਲੇ ਨਾਲ ਰਵਾਨਾ ਹੋ ਗਈ। ਇਸ ਕਦਮ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸੰਦੇਸ਼ ਵਜੋਂ ਵੇਖਿਆ ਜਾ ਰਿਹਾ ਹੈ। ਇਸ ਤੋਂ ਕੁੱਝ ਸਮੇਂ ਬਾਅਦ ਹੀ ਪ੍ਰਿਅੰਕਾ ਨੇ ਕੁਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਇੰਚਾਰਜ ਦਾ ਅਹੁਦਾ ਸੰਭਾਲਿਆ। ਉਨ੍ਹਾਂ ਨੂੰ 23 ਜਨਵਰੀ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ। ਅਪਣੇ ਪਤੀ ਕੋਲੋਂ ਈ.ਡੀ. ਵਲੋਂ ਪੁੱਛ-ਪੜਤਾਲ ਕੀਤੇ ਜਾਣ ਨਾਲ ਜੁੜੇ ਇਕ ਸਵਾਲ ਦੇ ਜਵਾਬ 'ਚ ਪ੍ਰਿਅੰਕਾ ਨੇ ਕਿਹਾ,

''ਮੈਂ ਅਪਣੇ ਪ੍ਰਵਾਰ ਨਾਲ ਖੜੀ ਹਾਂ।'' ਇਹ ਪਹਿਲਾ ਮੌਕਾ ਹੈ ਜਦੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਵਾਡਰਾ ਸ਼ੱਕੀ ਵਿੱਤੀ ਲੈਣ-ਦੇਣ ਦੇ ਅਪਰਾਧਕ ਦੋਸ਼ਾਂ ਹੇਠ ਕਿਸੇ ਜਾਂਚ ਏਜੰਸੀ ਸਾਹਮਣੇ ਪੇਸ਼ ਹੋਏ ਹਨ। ਮੀਡੀਆ ਮੁਲਾਜ਼ਮਾਂ ਦੀ ਭੀੜ ਵਿਚਕਾਰੋਂ ਹੋ ਕੇ ਵਾਡਰਾ ਲਗਭਗ 3:47 ਵਜੇ ਈ.ਡੀ. ਦੇ ਦਫ਼ਤਰ 'ਚ ਦਾਖ਼ਲ ਹੋਏ। ਉਨ੍ਹਾਂ ਦੇ ਵਕੀਲਾਂ ਦੀ ਇਕ ਟੀਮ ਪਹਿਲਾਂ ਹੀ ਉਥੇ ਪੁੱਜ ਚੁਕੀ ਸੀ। ਪੁੱਛ-ਪੜਤਾਲ ਲਈ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਉਥੇ ਹਾਜ਼ਰੀ ਰਜਿਸਟਰ 'ਤੇ ਅਪਣੇ ਹਸਤਾਖ਼ਰ ਕੀਤੇ। ਵਾਡਰਾ ਨੇ ਨਾਜਾਇਜ਼ ਵਿਦੇਸ਼ੀ ਜਾਇਦਾਦ ਨਾਲ ਜੁੜੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਦੋਸ਼ ਲਾਇਆ ਕਿ ਸਿਆਸਤ ਲਈ ਉਨ੍ਹਾਂ ਨੂੰ

'ਪ੍ਰੇਸ਼ਾਨ' ਕੀਤਾ ਜਾ ਰਿਹਾ ਹੈ। ਦਿੱਲੀ ਦੀ ਇਕ ਅਦਾਲਤ ਨੇ ਵਾਡਰਾ ਨੂੰ ਕੇਂਦਰੀ ਜਾਂਚ ਏਜੰਸੀ ਨਾਲ ਸਹਿਯੋਗ ਕਰਨ ਨੂੰ ਕਿਹਾ ਸੀ। ਵਾਡਰਾ ਨੇ ਮਾਮਲੇ 'ਚ ਅਗਾਊਂ ਜ਼ਮਾਨਤ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਅਦਾਲਤ ਨੇ ਉਨ੍ਹਾਂ ਨੂੰ ਲੰਦਨ 'ਚ ਪਰਤਣ ਮਗਰੋਂ ਬੁਧਵਾਰ ਨੂੰ ਈ.ਡੀ. ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਸੀ। ਸੂਤਰਾਂ ਅਨੁਸਾਰ ਵਾਡਰਾ ਨੂੰ ਲੰਦਨ ਦੀਆਂ ਕੁੱਝ ਅਚੱਲ ਜਾਇਦਾਦਾਂ ਦੇ ਲੈਣ-ਦੇਣ, ਖ਼ਰੀਦ ਅਤੇ ਕਬਜ਼ੇ ਨੂੰ ਲੈ ਕੇ ਈ.ਡੀ. ਦੇ ਤਿੰਨ ਅਧਿਕਾਰੀਆਂ ਦੀ ਟੀਮ ਨੇ ਲਗਭਗ ਇਕ ਦਰਜਨ ਸਵਾਲ ਪੁੱਛੇ ਅਤੇ ਉਨ੍ਹਾਂ ਦਾ ਬਿਆਨ ਪੀ.ਐਮ.ਐਲ.ਏ. ਕਾਨੂੰਨ ਹੇਠ ਦਰਜ ਕੀਤਾ ਗਿਆ।

ਇਹ ਮਾਮਲਾ ਲੰਦਨ 'ਚ 12 ਬਰਾਇਨਸਟਨ ਸੁਕੇਅਰ 'ਤੇ 19 ਲੱਖ ਪਾਊਂਡ ਦੀ ਜਾਇਦਾਦ ਦੀ ਖ਼ਰੀਦ 'ਚ ਕਥਿਤ ਤੌਰ 'ਤੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਦੋਸ਼ ਦੀ ਜਾਂਚ ਨਾਲ ਸਬੰਧਤ ਹੈ। ਇਹ ਜਾਇਦਾਦ ਕਥਿਤ ਤੌਰ 'ਤੇ ਰਾਬਰਟ ਵਾਡਰਾ ਦੀ ਹੈ। ਉਧਰ ਦਿੱਲੀ ਦੀ ਇਕ ਅਦਾਲਤ ਨੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ 'ਚ ਵਾਡਰਾ ਦੇ ਕਰੀਬੀ ਸਹਿਯੋਗੀ ਮਨੋਜ ਅਰੋੜਾ ਨੂੰ ਗ੍ਰਿਫ਼ਤਾਰੀ ਤੋਂ ਮਿਲੀ ਅੰਤਰਿਮ ਛੋਟ ਨੂੰ 16 ਫ਼ਰਵਰੀ ਤਕ ਵਧਾ ਦਿਤਾ ਹੈ। (ਪੀਟੀਆਈ)