ਕੀ ਕਾਂਗਰਸ ਨੂੰ ਦਿੱਲੀ ਦਾ ਸਿੱਖ ਕਤਲੇਆਮ ਯਾਦ ਨਹੀਂ? : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਦੇ ਭਾਸ਼ਨ 'ਤੇ ਦਿੱਲੀ ਚੋਣਾਂ ਦਾ ਪ੍ਰਛਾਵਾਂ

Photo

ਸਿੱਖਾਂ ਨੂੰ ਗਲਾਂ ਵਿਚ ਟਾਇਰ ਪਾ ਕੇ ਸਾੜ ਦਿਤਾ ਗਿਆ ਪਰ ਦੋਸ਼ੀਆਂ ਨੂੰ ਜੇਲ ਨਾ ਭੇਜਿਆ ਗਿਆ
ਕਤਲੇਆਮ ਕਰਾਉਣ ਵਾਲਿਆਂ ਨੂੰ ਮੰਤਰੀ ਬਣਾਇਆ ਗਿਆ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਨ ਸਬੰਧੀ ਲਿਆਂਦੇ ਗਏ ਧਨਵਾਦ ਮਤੇ 'ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਲਗਭਗ ਪੌਣੇ ਦੋ ਘੰਟੇ ਲੰਮਾ ਭਾਸ਼ਨ ਦਿਤਾ।

 

ਮੋਦੀ ਨੇ ਜਿਸ ਤਰ੍ਹਾਂ ਅਪਣੀ ਸਰਕਾਰ ਦੇ ਕੰਮਾਂ ਦੀ ਚਰਚਾ ਕਰਦਿਆਂ ਸਿੱਖ ਕਤਲੇਆਮ, ਪੈਰੀਫ਼ੇਰਲ ਐਕਸਪ੍ਰੈਸਵੇਅ, ਨਾਜਾਇਜ਼ ਕਾਲੋਨੀਆਂ ਨੂੰ ਪੱਕਾ ਕਰਨ ਅਤੇ ਨਾਗਰਿਕਤਾ ਕਾਨੂੰਨ ਵਿਰੁਧ ਚੱਲ ਰਹੇ ਪ੍ਰਦਰਸ਼ਨਾਂ ਦਾ ਜ਼ਿਕਰ ਕੀਤਾ, ਉਸ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਸਮੀਕਰਨਾਂ ਨੂੰ ਅਪਣੇ ਹੱਕ ਵਿਚ ਕਰਨ ਦੀ ਕਵਾਇਦ ਵਜੋਂ ਵੇਖਿਆ ਜਾ ਰਿਹਾ ਹੈ।

ਮੋਦੀ ਨੇ ਸੰਸਦ ਵਿਚ ਕਿਹਾ,'ਕਾਂਗਰਸ ਘੱਟਗਿਣਤੀਆਂ ਦੇ ਨਾਮ 'ਤੇ ਅਪਣੀਆਂ ਰੋਟੀਆਂ ਸੇਕਦੀ ਰਹਿੰਦੀ ਹੈ। ਕੀ ਕਾਂਗਰਸ ਨੂੰ ਦਿੱਲੀ ਦੇ ਸਿੱਖ ਵਿਰੋਧੀ ਦੰਗੇ ਯਾਦ ਨਹੀਂ? ਕੀ ਸਿੱਖ ਘੱਟਗਿਣਤੀ ਨਹੀਂ ਸੀ? ਤਦ ਸਿੱਖ ਭਰਾਵਾਂ ਦੇ ਗਲਾਂ ਵਿਚ ਟਾਇਰ ਬੰਨ੍ਹ ਕੇ ਸਾੜ ਦਿਤਾ ਗਿਆ ਸੀ, ਸਿੱਖ ਦੰਗਿਆਂ ਦੇ ਮੁਲਜ਼ਮਾਂ ਨੂੰ ਜੇਲ ਨਹੀਂ ਭੇਜਿਆ ਗਿਆ। ਜਿਨ੍ਹਾਂ ਵਿਰੁਧ ਸਿੱਖ ਦੰਗੇ ਭੜਕਾਉਣ ਦਾ ਦੋਸ਼ ਹੈ, ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿਤਾ ਗਿਆ।

ਕੀ ਘੱਟਗਿਣਤੀਆਂ ਲਈ ਦੋ ਤਕੜੀਆਂ ਹੋਣਗੀਆਂ?' ਉਨ੍ਹਾਂ ਨਵੇਂ ਨਾਗਰਿਕਤਾ ਕਾਨੂੰਨ ਸਬੰਧੀ ਦੇਸ਼ ਨੂੰ 'ਗੁਮਰਾਹ ਕਰਨ ਅਤੇ ਗ਼ਲਤ ਜਾਦਕਾਰੀ ਦੇਣ ਲਈ' ਵਿਰੋਧੀ ਧਿਰਾਂ 'ਤੇ ਵਰ੍ਹਦਿਆਂ ਕਿਹਾ ਕਿ ਕੇਰਲਾ ਦੇ ਮੁੱਖ ਮੰਤਰੀ ਇਕ ਪਾਸੇ ਚੌਕਸ ਕਰਦੇ ਹਨ ਕਿ ਸੀਏਏ ਵਿਰੋਧੀ ਪ੍ਰਦਰਸ਼ਨਾਂ ਵਿਚ ਕੱਟੜਵਾਦੀ ਅਨਸਰ ਵੜ ਗਏ ਹਨ ਅਤੇ ਦੂਜੇ ਪਾਸੇ, ਉਨ੍ਹਾਂ ਦੀ ਪਾਰਟੀ ਦਿੱਲੀ ਵਿਚ ਅਜਿਹੇ ਪ੍ਰਦਰਸ਼ਨਾਂ ਦਾ ਸਮਰਥਨ ਕਰਦੀ ਹੈ। 

ਦਿੱਲੀ ਦੀਆਂ ਕਾਲੋਨੀਆਂ ਨੂੰ ਪੱਕਾ ਕਰਨ ਦਾ ਜ਼ਿਕਰ
ਸਰਕਾਰ ਦੇ ਕੰਮ ਗਿਣਾਉਂਦਿਆਂ ਮੋਦੀ ਨੇ ਕਿਹਾ ਕਿ ਜੇ ਸਾਡੀ ਸਰਕਾਰ ਕੋਲ ਕੰਮ ਕਰਨ ਦੀ ਤੇਜ਼ ਗਤੀ ਨਾ ਹੁੰਦੀ ਤਾਂ 11 ਕਰੋੜ ਲੋਕਾਂ ਦੇ ਘਰਾਂ ਵਿਚ ਪਖ਼ਾਨੇ ਨਾ ਬਣਦੇ, 13 ਕਰੋੜ ਗ਼ਰੀਬ ਲੋਕਾਂ ਦੇ ਘਰਾਂ ਵਿਚ ਗੈਸ ਦਾ ਚੁੱਲ੍ਹਾ ਨਾ ਪਹੁੰਚਦਾ, ਦਿੱਲੀ ਵਿਚ ਲੰਮੇ ਸਮੇਂ ਤੋਂ ਲਟਕੀਆਂ 1700 ਨਾਜਾਇਜ਼ ਕਾਲੋਨੀਆਂ ਨੂੰ ਪੱਕਾ ਕਰਨ ਦਾ ਕੰਮ ਪੂਰਾ ਨਾ ਹੁੰਦਾ। ਇਸ ਕੰਮ ਨੂੰ ਸਾਡੀ ਸਰਕਾਰ ਨੇ ਕਰ ਕੇ ਵਿਖਾਇਆ ਹੈ ਤਾਕਿ ਦਿੱਲੀ ਦੀਆਂ ਇਨ੍ਹਾਂ ਕਾਲੋਨੀਆਂ ਦਾ ਵਿਕਾਸ ਹੋਵੇ।