ਕੀ ਪੰਡਤ ਨਹਿਰੂ ਵੀ ਫ਼ਿਰਕਾਪ੍ਰਸਤ ਸਨ? : ਪ੍ਰਧਾਨ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪਾਕਿ ਦੀਆਂ ਧਾਰਮਕ ਘੱਟਗਿਣਤੀਆਂ ਦੀ ਗੱਲ ਕਰਦੇ ਸਨ

Photo

-ਨਾਗਰਿਕਤਾ ਕਾਨੂੰਨ ਸਬੰਧੀ ਕਾਂਗਰਸ 'ਤੇ ਤਿੱਖਾ ਹਮਲਾ
-ਘੱਟਗਿਣਤੀਆਂ ਦੀ ਸੁਰੱਖਿਆ ਲਈ 1950 ਵਿਚ ਨਹਿਰੂ-ਲਿਆਕਤ ਸਮਝੌਤਾ ਹੋਇਆ ਸੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਲੋਕ ਸਭਾ ਵਿਚ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਬਿਆਨਾਂ ਦਾ ਜ਼ਿਕਰ ਕੀਤਾ ਅਤੇ ਵਿਰੋਧੀ ਧਿਰ ਨੂੰ ਪੁਛਿਆ ਕਿ ਕੀ ਪਾਕਿਸਤਾਨ ਦੀਆਂ ਧਾਰਮਕ ਘੱਟਗਿਣਤੀਆਂ ਲਈ ਨਾਗਰਿਕਤਾ ਦੀ ਗੱਲ ਕਰਨ ਲਈ ਨਹਿਰੂ ਨੂੰ ਫ਼ਿਰਕਾਪ੍ਰਸਤ ਕਿਹਾ ਜਾਵੇਗਾ?

ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਨ ਸਬੰਧੀ ਲਿਆਂਦੇ ਗਏ ਧਨਵਾਦ ਮਤੇ 'ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਨਹਿਰੂ ਵੀ ਪਾਕਿਸਤਾਨ ਦੀਆਂ ਘੱਟਗਿਣਤੀਆਂ ਲਈ ਭਾਰਤੀ ਨਾਗਰਿਕਤਾ ਚਾਹੁੰਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ, 'ਜਿਹੜੇ ਲੋਕ ਦੋਸ਼ ਲਾ ਰਹੇ ਹਨ, ਮੈਂ ਉਨ੍ਹਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ਪੰਡਤ ਨਹਿਰੂ ਫ਼ਿਰਕਾਪ੍ਰਸਤ ਸਨ?

ਕੀ ਉਹ ਹਿੰਦੂਆਂ ਮੁਸਲਮਾਨਾਂ ਵਿਚ ਫ਼ਰਕ ਕਰਦੇ ਸਨ? ਕੀ ਨਹਿਰੂ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਸਨ? ਉਨ੍ਹਾਂ ਕਿਹਾ, 'ਭਾਰਤ ਪਾਕਿਸਤਾਨ ਵਿਚ ਰਹਿਣ ਵਾਲੀਆਂ ਘੱਟਗਿਣਤੀਆਂ ਦੀ ਸੁਰੱਖਿਆ ਲਈ 1950 ਵਿਚ ਨਹਿਰੂ-ਲਿਆਕਤ ਸਮਝੌਤਾ ਹੋਇਆ। ਨਹਿਰੂ ਜੀ ਏਨੇ ਵੱਡੇ ਵਿਚਾਰਕ ਸਨ ਕਿ ਉਨ੍ਹਾਂ ਉਥੋਂ ਦੀਆਂ ਘੱਟਗਿਣਤੀਆਂ ਦੀ ਥਾਂ, 'ਉਥੋਂ ਦੇ ਸਾਰੇ ਨਾਗਰਿਕ' ਸ਼ਬਦ ਦੀ ਵਰਤੋਂ ਨਹੀਂ ਕੀਤੀ?

ਮੋਦੀ ਨੇ ਕਿਹਾ ਕਿ ਜਿਹੜੀ ਗੱਲ ਅੱਜ ਅਸੀਂ ਦੱਸ ਰਹੇ ਹਾਂ, ਉਹ ਨਹਿਰੂ ਜੀ ਨੇ ਵੀ ਕਹੀ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ 1963 ਵਿਚ ਲੋਕ ਸਭਾ ਵਿਚ ਧਿਆਨ ਦਿਵਾਊ ਮਤਾ ਆਇਆ ਅਤੇ ਨਹਿਰੂ ਜੀ ਉਸ ਸਮੇਂ ਵਿਦੇਸ਼ ਮੰਤਰੀ ਦੀ ਵੀ ਜ਼ਿੰਮੇਵਾਰੀ ਸੰਭਾਲ ਰਹੇ ਸਨ।

ਤਦ ਨਹਿਰੂ ਜੀ ਨੇ ਵਿਦੇਸ਼ ਰਾਜ ਮੰਤਰੀ ਨੂੰ ਟੋਕਦਿਆਂ ਕਿਹਾ ਸੀ ਕਿ ਸਾਬਕਾ ਪਾਕਿਸਤਾਨ ਵਿਚ ਉਥੋਂ ਦੀ ਅਥਾਰਟੀ ਹਿੰਦੂਆਂ 'ਤੇ ਜ਼ਬਰਦਸਤ ਦਬਾਅ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਤਸਾਨ ਦੇ ਹਾਲਤ ਨੂੰ ਵੇਖਦਿਆਂ ਗਾਂਧੀ ਜੀ ਨਾਲ ਹੀ ਨਹਿਰੂ ਜੀ ਦੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ ਸਨ। ਸਾਰੇ ਲੋਕ ਇਸ ਤਰ੍ਹਾਂ ਦੇ ਕਾਨੂੰਨ ਦੀ ਗੱਲ ਕਰਦੇ ਰਹੇ ਹਨ।

ਮੋਦੀ ਨੇ ਸਮਾਜਵਾਦੀ ਆਗੂ ਰਾਮ ਮਨੋਹਰ ਲੋਹੀਆ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਉਨ੍ਹਾਂ ਬਿਆਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਪਾਕਿਸਤਾਨ ਵਿਚ ਅਤਿਆਚਾਰ ਦਾ ਸ਼ਿਕਾਰ ਘੱਟਗਿਣਤੀਆਂ ਦਾ ਸਮਰਥਨ ਕੀਤਾ ਗਿਆ ਸੀ। ਮੋਦੀ ਨੇ ਕਿਹਾ,'ਲੋਕਾਂ ਨੂੰ ਭੜਕਾਉਣ ਦੀ ਨਹੀਂ ਸਗੋਂ ਸਹੀ ਜਾਣਕਾਰੀ ਦੇਣ ਦੀ ਲੋੜ ਹੈ।'