ਰਾਜਸਥਾਨ : ਬੋਰਵੈੱਲ ’ਚ ਡਿੱਗੀ 25 ਸਾਲ ਦੀ ਔਰਤ, ਸਵਾਲ : ਖੁਦ ਛਾਲ ਮਾਰੀ ਜਾਂ ਕਿਸੇ ਨੇ ਸੁੱਟ ਦਿਤਾ?

ਏਜੰਸੀ

ਖ਼ਬਰਾਂ, ਰਾਸ਼ਟਰੀ

ਬੀਤੀ ਰਾਤ ਤੋਂ ਘਰੋਂ ਲਾਪਤਾ ਸੀ, ਬੋਰਵੈੱਲ ਦੇ ਬਾਹਰ ਚੱਪਲਾਂ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ

Borewell

ਜੈਪੁਰ: ਗੰਗਾਪੁਰ ਸ਼ਹਿਰ ਜ਼ਿਲ੍ਹੇ ਦੇ ਬਾਮਨਵਾਸ ਥਾਣਾ ਖੇਤਰ ’ਚ ਬੁਧਵਾਰ ਨੂੰ ਇਕ 25 ਸਾਲ ਦੀ ਔਰਤ ਖੇਤ ’ਚ ਬੋਰਵੈੱਲ ’ਚ ਡਿੱਗ ਗਈ। ਬਾਮਨਵਾਸ ਦੇ ਸਬ-ਡਵੀਜ਼ਨਲ ਅਧਿਕਾਰੀ ਅੰਸ਼ੁਲ ਨੇ ਦਸਿਆ ਕਿ ਔਰਤ ਬਾਮਨਵਾਸ ਦੇ ਗੁਡਲਾ ਪਿੰਡ ’ਚ ਅਪਣੇ ਘਰ ਦੇ ਪਿੱਛੇ ਖੇਤ ’ਚ ਬਣੇ ਕੱਚੇ ਬੋਰਵੈੱਲ ’ਚ ਡਿੱਗ ਗਈ। ਔਰਤ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਸਿਆ ਕਿ ਬੋਰਵੈੱਲ ’ਚ ਮੋਬਾਈਲ ਦੀ ਰੌਸ਼ਨੀ ਕਰ ਕੇ ਵੇਖਣ ’ਤੇ 95 ਫੁੱਟ ਦੀ ਡੂੰਘਾਈ ’ਤੇ ਇਕ ਹੱਥ ਨਜ਼ਰ ਆਇਆ ਹੈ। 

ਉਨ੍ਹਾਂ ਦਸਿਆ ਕਿ ਬੋਰਵੈੱਲ ’ਚ ਔਰਤ ਨੂੰ ਆਕਸੀਜਨ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜ ਆਫ਼ਤ ਪ੍ਰਤੀਕਿਰਿਆ ਬਲ (ਐਸ.ਡੀ.ਆਰ.ਐਫ.) ਅਤੇ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਨੂੰ ਸੂਚਿਤ ਕਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਔਰਤ ਦੇ ਪਰਵਾਰ ਨਾਲ ਮੁੱਢਲੀ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਉਹ ਬੀਤੀ ਰਾਤ ਤੋਂ ਘਰੋਂ ਲਾਪਤਾ ਸੀ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਔਰਤ ਖੁਦ ਬੋਰਵੈੱਲ ’ਚ ਡਿੱਗੀ ਸੀ ਜਾਂ ਕਿਸੇ ਨੇ ਉਸ ਨੂੰ ਸੁੱਟ ਦਿਤਾ ਸੀ। 

ਬਾਮਨਵਾਸ ਦੇ ਡਿਪਟੀ ਸੁਪਰਡੈਂਟ ਸੰਤਰਾਮ ਨੇ ਦਸਿਆ ਕਿ ਮੋਨਾ ਬਾਈ (25) ਦੇ ਬੋਰਵੈੱਲ ’ਚ ਡਿੱਗਣ ਦੀ ਸੂਚਨਾ ਬੁਧਵਾਰ ਦੁਪਹਿਰ ਨੂੰ ਪੁਲਿਸ ਨੂੰ ਮਿਲੀ ਸੀ। ਉਨ੍ਹਾਂ ਕਿਹਾ ਕਿ ਜਦੋਂ ਪਰਵਾਰ ਔਰਤ ਦੀ ਗੁੰਮਸ਼ੁਦਗੀ ਦੀ ਰੀਪੋਰਟ ਦਰਜ ਕਰਵਾਉਣ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਬੋਰਵੈੱਲ ਦੇ ਬਾਹਰ ਉਸ ਦੀਆਂ ਚੱਪਲਾਂ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ। 

ਪੁਲਿਸ ਨੇ ਦਸਿਆ ਕਿ ਔਰਤ ਮੰਗਲਵਾਰ ਰਾਤ 8 ਵਜੇ ਤੋਂ ਅਪਣੇ ਘਰ ਤੋਂ ਲਾਪਤਾ ਸੀ। ਹਾਲ ਹੀ ’ਚ ਖੇਤ ’ਚ 100 ਫੁੱਟ ਡੂੰਘਾ ਬੋਰਵੈੱਲ ਖੋਦਿਆ ਗਿਆ ਸੀ। ਬੋਰਵੈੱਲ ’ਚ ਪਾਣੀ ਨਹੀਂ ਹੈ। ਸੰਤਰਾਮ ਨੇ ਦਸਿਆ ਕਿ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ’ਤੇ ਹਨ ਅਤੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।