ਜਨਵਰੀ 2025 ਹੁਣ ਤਕ ਦਾ ਸੱਭ ਤੋਂ ਗਰਮ ਮਹੀਨਾ: ਯੂਰਪੀਅਨ ਜਲਵਾਯੂ ਏਜੰਸੀ
ਇਹ ਪਹਿਲਾ ਸਾਲ ਹੋਵੇਗਾ ਜਦੋਂ ਗਲੋਬਲ ਔਸਤ ਤਾਪਮਾਨ ਪੂਰਵ-ਉਦਯੋਗਿਕ ਪੱਧਰਾਂ ਤੋਂ 1.5 ਡਿਗਰੀ ਸੈਲਸੀਅਸ ਤੋਂ ਵੱਧ ਹੋਵੇਗਾ।
ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਮੁਤਾਬਕ ਲਾ ਨੀਨਾ ਦੇ ਪ੍ਰਭਾਵ ਦੇ ਬਾਵਜੂਦ ਜਨਵਰੀ ਦਾ ਮਹੀਨਾ ਰੀਕਾਰਡ ਦਾ ਸੱਭ ਤੋਂ ਗਰਮ ਮਹੀਨਾ ਰਿਹਾ। ਯੂਰਪੀਅਨ ਜਲਵਾਯੂ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਲਾ ਨੀਨਾ ਇਕ ਜਲਵਾਯੂ ਨਾਲ ਸਬੰਧਤ ਵਰਤਾਰਾ ਹੈ ਜੋ ਆਮ ਤੌਰ ’ਤੇ ਗਲੋਬਲ ਤਾਪਮਾਨ ਨੂੰ ਠੰਡਾ ਕਰਦਾ ਹੈ।
ਜਨਵਰੀ ਦੇ ਮਹੀਨੇ ’ਚ ਸੱਭ ਤੋਂ ਵੱਧ ਤਾਪਮਾਨ ਦੀ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਧਰਤੀ 2024 ਨੂੰ ਰੀਕਾਰਡ ’ਤੇ ਸੱਭ ਤੋਂ ਗਰਮ ਸਾਲ ਵਜੋਂ ਅਨੁਭਵ ਕਰ ਰਹੀ ਹੈ ਅਤੇ ਇਹ ਪਹਿਲਾ ਸਾਲ ਹੋਵੇਗਾ ਜਦੋਂ ਗਲੋਬਲ ਔਸਤ ਤਾਪਮਾਨ ਪੂਰਵ-ਉਦਯੋਗਿਕ ਪੱਧਰਾਂ ਤੋਂ 1.5 ਡਿਗਰੀ ਸੈਲਸੀਅਸ ਤੋਂ ਵੱਧ ਹੋਵੇਗਾ।
ਯੂਰਪੀਅਨ ਜਲਵਾਯੂ ਸੇਵਾ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ (ਸੀ3ਐਸ) ਦੀ ਗਣਨਾ ਅਨੁਸਾਰ, ਜਨਵਰੀ 2025 ’ਚ ਔਸਤ ਤਾਪਮਾਨ 13.23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਜਨਵਰੀ ਦੇ ਸੱਭ ਤੋਂ ਗਰਮ ਜਨਵਰੀ ਤੋਂ 0.09 ਡਿਗਰੀ ਵੱਧ ਹੈ ਅਤੇ 1991-2020 ਦੇ ਔਸਤ ਤੋਂ 0.79 ਡਿਗਰੀ ਵੱਧ ਹੈ।
ਵਿਗਿਆਨੀਆਂ ਨੇ ਇਹ ਵੀ ਪਾਇਆ ਕਿ ਜਨਵਰੀ ਵਿਚ ਧਰਤੀ ਦਾ ਤਾਪਮਾਨ ਉਦਯੋਗਿਕ ਪੱਧਰ ਤੋਂ ਪਹਿਲਾਂ ਦੇ ਪੱਧਰ ਤੋਂ 1.75 ਡਿਗਰੀ ਸੈਲਸੀਅਸ ਵੱਧ ਸੀ। ਪਿਛਲੇ 19 ਮਹੀਨਿਆਂ ਵਿਚੋਂ 18 ਮਹੀਨਿਆਂ ਵਿਚ ਗਲੋਬਲ ਤਾਪਮਾਨ 1.5 ਡਿਗਰੀ ਤੋਂ ਉੱਪਰ ਰਿਹਾ ਹੈ।