Karnataka Nurse Feviquick News: 7 ਸਾਲ ਦੇ ਬੱਚੇ ਦੇ ਜ਼ਖ਼ਮ 'ਤੇ ਟਾਂਕਿਆਂ ਦੀ ਬਜਾਏ ਲਗਾਇਆ ਗਿਆ 'ਫੇਵਿਕਿਕ', ਪੜ੍ਹੋ ਪੂਰੀ ਖ਼ਬਰ
Karnataka Nurse Feviquick News: ਸਰਕਾਰੀ ਹਸਪਤਾਲ ਦੀ ਨਰਸ ਦੀ ਕਰਤੂਤ ਸੁਣ ਉੱਡ ਜਾਣਗੇ ਹੋਸ਼
ਕਰਨਾਟਕ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਨਰਸ ਨੇ ਬੱਚੇ ਦੇ ਜ਼ਖ਼ਮ 'ਤੇ ਟਾਂਕਿਆਂ ਦੀ ਬਜਾਏ ਫੇਵਿਕਿਕ ਲਗਾ ਦਿੱਤਾ। ਨਰਸ ਦੀ ਇਸ ਕਾਰਵਾਈ ਦੇ ਮੱਦੇਨਜ਼ਰ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਹਾਵੇਰੀ ਜ਼ਿਲ੍ਹੇ ਦੇ ਹੰਗਲ ਤਾਲੁਕਾ ਦੇ ਅਦੂਰ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਵਾਪਰੀ। ਮਾਪਿਆਂ ਨੇ ਨਰਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਅਤੇ ਵੀਡੀਓ ਸਬੂਤ ਵੀ ਪੇਸ਼ ਕੀਤੇ। ਜਿਸ ਬੱਚੇ ਨੂੰ ਫੇਵਿਕਿਕ ਲਗਾਈ ਗਈ ਫ਼ਿਲਹਾਲ ਉਸ ਦੀ ਸਿਹਤ ਠੀਕ ਹੈ।
ਜਾਣਕਾਰੀ ਅਨੁਸਾਰ ਸੱਤ ਸਾਲਾ ਗੁਰੂਕਿਸ਼ਨ ਅੰਨੱਪਾ ਹੋਸਮਾਨੀ ਦੇ ਗਲ੍ਹ 'ਤੇ ਡੂੰਘਾ ਜ਼ਖ਼ਮ ਸੀ ਅਤੇ ਉਸ ਤੋਂ ਖ਼ੂਨ ਵਹਿ ਰਿਹਾ ਸੀ। ਉਸ ਦੇ ਮਾਪੇ ਉਸ ਨੂੰ ਹਸਪਤਾਲ ਲੈ ਗਏ। ਨਰਸ ਨੇ ਜ਼ਖ਼ਮ 'ਤੇ ਫੇਵੀਕਿਕ ਲਗਾ ਦਿੱਤਾ। ਮਾਪਿਆਂ ਨੇ ਇਸ ਦੀ ਵੀਡੀਓ ਬਣਾਈ। ਵੀਡੀਓ 'ਚ ਨਰਸ ਕਹਿ ਰਹੀ ਹੈ ਕਿ ਉਹ ਸਾਲਾਂ ਤੋਂ ਅਜਿਹਾ ਕਰ ਰਹੀ ਹੈ।
ਟਾਂਕਿਆਂ ਨਾਲ ਬੱਚੇ ਦੇ ਚਿਹਰੇ 'ਤੇ ਦਾਗ ਪੈ ਜਾਣਗੇ ਇਸ ਲਈ ਫੇਵਿਕਿਕ ਬਿਹਤਰ ਹੈ। ਬਾਅਦ ਵਿੱਚ ਮਾਪਿਆਂ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਵੀਡੀਓ ਵੀ ਦਿੱਤੀ। ਇਸ ਤੋਂ ਬਾਅਦ ਨਰਸ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਬੁੱਧਵਾਰ ਨੂੰ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਨਰਸ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਸੂਬਾ ਸਰਕਾਰ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ।
ਸਿਹਤ ਅਤੇ ਪਰਿਵਾਰ ਭਲਾਈ ਸੇਵਾਵਾਂ ਕਮਿਸ਼ਨਰ ਦੇ ਦਫ਼ਤਰ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਫੇਵਿਕਿਕ ਇੱਕ ਚਿਪਕਣ ਵਾਲਾ ਪਦਾਰਥ ਹੈ, ਜਿਸ ਦੀ ਡਾਕਟਰੀ ਵਰਤੋਂ ਨਿਯਮਾਂ ਦੇ ਤਹਿਤ ਆਗਿਆ ਨਹੀਂ ਹੈ। ਇਸ ਮਾਮਲੇ ਵਿੱਚ, ਬੱਚੇ ਦੇ ਇਲਾਜ ਲਈ ਫੇਵਿਕਿਕ ਦੀ ਵਰਤੋਂ ਕਰਨ ਲਈ ਜ਼ਿੰਮੇਵਾਰ ਸਟਾਫ਼ ਨਰਸ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਅਗਲੇਰੀ ਜਾਂਚ ਜਾਰੀ ਹੈ।”