CAA 'ਤੇ ਬੋਲੇ ਵਿਦੇਸ਼ ਮੰਤਰੀ, ਕਿਹਾ ਇਕ ਵੀ ਅਜਿਹਾ ਦੇਸ਼ ਦੱਸੋ ਜਿੱਥੇ ਹਰ ਕਿਸੇ ਦਾ ਸਵਾਗਤ ਹੈ?
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ ਨਿੰਦਾ
ਨਵੀਂ ਦਿੱਲੀ : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਧੇ ਗਏ ਨਾਗਰਿਕਤਾ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਭਾਰਤ ਦੀ ਆਲੋਚਨਾ ਕਰਨ ਵਾਲਿਆਂ 'ਤੇ ਨਿਸ਼ਾਨਾ ਲਾਉਂਦਿਆਂ ਸਨਿਚਰਵਾਰ ਨੂੰ ਕਿਹਾ ਕਿ ਦੁਨੀਆਂ 'ਚ ਕੋਈ ਵੀ ਅਜਿਹਾ ਦੇਸ਼ ਨਹੀਂ ਹੈ ਜੋ ਕਹੇ ਕਿ ਉਸ ਦੀ ਜ਼ਮੀਨ 'ਤੇ ਹਰ ਕਿਸੇ ਦਾ ਸਵਾਗਤ ਹੈ।
ਜੈਸ਼ੰਕਰ ਨੇ ਜੰਮੂ-ਕਸ਼ਮੀਰ ਦੀ ਸਥਿਤੀ 'ਤੇ ਆਲੋਚਨਾ ਕਰਨ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ.ਐਨ.ਐਚ.ਆਰ.ਸੀ.) ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੌਂਸਲ ਦੇ ਡਾਇਰੈਕਟਰ ਪਹਿਲਾਂ ਵੀ ਗ਼ਲਤ ਰਹੇ ਹਨ ਅਤੇ ਕਸ਼ਮੀਰ ਮੁੱਦੇ ਨਾਲ ਨਜਿੱਠਣ ਦੇ ਸੰਯੁਕਤ ਰਾਸ਼ਟਰ ਸੰਸਥਾ ਦੇ ਪਿਛਲੇ ਰੀਕਾਰਡ ਨੂੰ ਵੀ ਵੇਖਿਆ ਜਾਣਾ ਚਾਹੀਦਾ ਹੈ।
ਇਕੋਲਾਮਿਕਸ ਟਾਈਮਜ਼ ਗਲੋਬਲ ਬਿਜ਼ਨਸ ਸੁਮਿਟ 'ਚ ਸੀ.ਏ.ਏ. ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ''ਅਸੀਂ ਇਸ ਕਾਨੂੰਨ ਜ਼ਰੀਏ ਬੇਵਤਨ ਲੋਕਾਂ ਦੀ ਗਿਣਤੀ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੀ ਤਾਰੀਫ਼ ਹੋਣੀ ਚਾਹੀਦੀ ਹੈ। ਪਰ ਅਸੀਂ ਇਸ ਨੂੰ ਇਸ ਤਰ੍ਹਾਂ ਕੀਤਾ ਕਿ ਇਹ ਸਾਡੇ ਖ਼ੁਦ ਲਈ ਸਮੱਸਿਆ ਨਾ ਬਣ ਜਾਵੇ।''
ਮੰਤਰੀ ਨੇ ਕਿਹਾ, ''ਹਰ ਕੋਈ ਜਦੋਂ ਨਾਗਰਿਕਤਾ ਨੂੰ ਵੇਖਦਾ ਹੈ ਤਾਂ ਇਸ ਦਾ ਇਕ ਸੰਦਰਭ ਅਤੇ ਮਾਨਕ ਹੁੰਦੇ ਹਨ। ਮੈਨੂੰ ਇਕ ਵੀ ਅਜਿਹਾ ਦੇਸ਼ ਦੱਸੋ ਜੋ ਕਹਿੰਦਾ ਹੋਵੇ ਕਿ ਦੁਨੀਆਂ ਦੇ ਹਰ ਵਿਅਕਤੀ ਦਾ ਉਸ ਦੀ ਜ਼ਮੀਨ 'ਤੇ ਸਵਾਗਤ ਹੈ। ਕੋਈ ਅਜਿਹਾ ਨਹੀਂ ਕਹਿੰਦਾ।''