ਦੇਸ਼ ਦੀ ਆਜ਼ਾਦੀ 'ਚ ਅੰਮ੍ਰਿਤ ਕੌਰ ਨੇ ਪਾਇਆ ਸੀ ਵਿਸ਼ੇਸ਼ ਯੋਗਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਸ਼ਵ ਦੀ ਮਸ਼ਹੂਰ 'ਟਾਈਮ ਮੈਗਜ਼ੀਨ' ਨੇ ਦੁਨੀਆਂ ਦੀਆਂ ਉਨ੍ਹਾਂ 100 ਤਾਕਤਵਰ ਔਰਤਾਂ ਦੀ ਸੂਚੀ ਜਾਰੀ ਕੀਤੀ ਹੈ।

file photo

 ਚੰਡੀਗੜ੍ਹ: ਵਿਸ਼ਵ ਦੀ ਮਸ਼ਹੂਰ 'ਟਾਈਮ ਮੈਗਜ਼ੀਨ' ਨੇ ਦੁਨੀਆਂ ਦੀਆਂ ਉਨ੍ਹਾਂ 100 ਤਾਕਤਵਰ ਔਰਤਾਂ ਦੀ ਸੂਚੀ ਜਾਰੀ ਕੀਤੀ ਹੈ। ਜਿਨ੍ਹਾਂ ਨੇ ਪਿਛਲੀ ਸਦੀ ਦੌਰਾਨ ਨਵੀਂ ਪਛਾਣ ਬਣਾਈ। ਟਾਈਮ ਦੀ ਇਸ ਸੂਚੀ ਵਿਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ-ਨਾਲ ਸੁਤੰਤਰਤਾ ਸੈਨਾਨੀ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਨਾਂਅ ਵੀ ਸ਼ਾਮਲ ਕੀਤਾ ਗਿਆ। ਟਾਈਮ ਵੱਲੋਂ ਅੰਮ੍ਰਿਤ ਕੌਰ ਨੂੰ 1947 ਦੀ 'ਵੁਮੈਨ ਆਫ਼ ਦਿ ਈਅਰ' ਚੁਣਿਆ ਗਿਆ। ਜਿਸ ਦੇ ਲਈ ਟਾਈਮ ਮੈਗਜ਼ੀਨ ਵੱਲੋਂ ਉਨ੍ਹਾਂ ਦੀ ਤਸਵੀਰ ਵਾਲਾ ਵਿਸ਼ੇਸ਼ ਕਵਰ ਪੇਜ਼ ਵੀ ਤਿਆਰ ਕੀਤਾ ਗਿਆ। ਆਓ ਹੁਣ ਜਾਣਦੇ ਹਾਂ ਕੌਣ ਸੀ ਰਾਜਕੁਮਾਰੀ ਅੰਮ੍ਰਿਤ ਕੌਰ?

ਕਪੂਰਥਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਰਾਜਕੁਮਾਰੀ ਅੰਮ੍ਰਿਤ ਕੌਰ 1918 ਵਿਚ ਇੰਗਲੈਂਡ ਦੀ ਆਕਸਫੋਰਡ ਵਿਚ ਪੜ੍ਹਾਈ ਕਰਨ ਮਗਰੋਂ ਭਾਰਤ ਪਰਤੀ ਅਤੇ ਜਲਦ ਹੀ ਮਹਾਤਮਾ ਗਾਂਧੀ ਦੇ ਸਿਧਾਂਤਾਂ ਦੀ ਪ੍ਰਸ਼ੰਸਕ ਬਣ ਗਈ। ਉਨ੍ਹਾਂ ਦਾ ਟੀਚਾ ਭਾਰਤ ਦੀ ਆਜ਼ਾਦੀ ਹਾਸਲ ਕਰਨਾ ਸੀ। ਰਾਜਕੁਮਾਰੀ ਅੰਮ੍ਰਿਤ ਕੌਰ ਨੇ ਔਰਤਾਂ ਦੀ ਸਿੱਖਿਆ ਉਨ੍ਹਾਂ ਨੂੰ ਵੋਟ ਦਾ ਅਧਿਕਾਰ, ਬਾਲ ਵਿਆਹ ਰੋਕਣ ਵਰਗੇ ਬਹੁਤ ਸਾਰੇ ਸਮਾਜਿਕ ਮੁੱਦੇ ਉਠਾਏ। 
 

1947 ਵਿਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੈਬਨਿਟ ਵਿਚ ਸ਼ਾਮਲ ਹੋਣ ਵਾਲੀ ਉਹ ਪਹਿਲੀ ਮਹਿਲਾ ਸੀ। ਇਸ ਦੌਰਾਨ ਉਹ 1947 ਤੋਂ 1957 ਤੱਕ 10 ਸਾਲ ਭਾਰਤ ਦੀ ਸਿਹਤ ਮੰਤਰੀ ਰਹੀ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਉਨ੍ਹਾਂ ਨੇ ਪਹਿਲੀ ਚੋਣ ਲੜੀ ਸੀ। ਸਿਹਤ ਮੰਤਰੀ ਹੁੰਦਿਆਂ ਉਨ੍ਹਾਂ ਨੇ ਦਿੱਲੀ ਵਿਚ ਏਮਸ ਦੀ ਸਥਾਪਨਾ ਲਈ ਸਿਰਤੋੜ ਯਤਨ ਕੀਤੇ।

ਰਾਜਕੁਮਾਰੀ ਅੰਮ੍ਰਿਤ ਕੌਰ 1945 ਵਿਚ ਯੂਨੈਸਕੋ ਦੀ ਮੀਟਿੰਗ ਵਿਚ ਲੰਡਨ ਜਾਣ ਵਾਲੇ ਭਾਰਤੀ ਵਫ਼ਦ ਦੀ ਉਪ ਨੇਤਾ ਸੀ। 1946 ਵਿਚ ਜਦੋਂ ਇਹ ਵਫ਼ਦ ਯੂਨੈਸਕੋ ਦੀਆਂ ਮੀਟਿੰਗਾਂ ਵਿਚ ਭਾਗ ਲੈਣ ਲਈ ਪੈਰਿਸ ਗਈ ਉਦੋਂ ਵੀ ਉਹ ਇਸ ਵਫ਼ਦ ਦੀ ਉਪ ਨੇਤਾ ਸੀ। ਇਸ ਤੋਂ ਇਲਾਵਾ 1948 ਅਤੇ 1949 ਵਿਚ ਉਹ ਆਲ ਇੰਡੀਆ ਕਾਨਫਰੰਸ ਆਫ਼ ਸੋਸ਼ਲ ਵਰਕ ਦੀ ਪ੍ਰਧਾਨ ਰਹੀ ਜਦਕਿ 1950 ਵਿਚ ਉਹ ਵਰਲਡ ਹੈਲਥ ਅਸੈਂਬਲੀ ਦੀ ਪ੍ਰਧਾਨ ਚੁਣੀ ਗਈ।

ਇਸ ਮਗਰੋਂ ਫਿਰ 1957 ਵਿਚ ਨਵੀਂ ਦਿੱਲੀ ਵਿਚ 19ਵੀਂ ਇੰਟਰਨੈਸ਼ਨਲ ਰੈੱਡਕਰਾਸ ਕਾਨਫਰੰਸ ਰਾਜਕੁਮਾਰੀ ਅੰਮ੍ਰਿਤ ਕੌਰ ਆਹਲੂਵਾਲੀਆ ਦੀ ਪ੍ਰਧਾਨਗੀ ਵਿਚ ਹੋਈ। 1950 ਤੋਂ 1964 ਤਕ ਉਹ ਲੀਗ ਆਫ਼ ਰੈੱਡਕਰਾਸ ਸੁਸਾਇਟੀ ਦੀ ਸਹਾਇਕ ਪ੍ਰਧਾਨ ਰਹੀ। ਉਹ 1947 ਤੋਂ 1964 ਤਕ ਸੇਂਟ ਜੌਨ ਐਂਬੂਲੈਂਸ ਬ੍ਰਿਗੇਡ ਦੀ ਚੀਫ਼ ਕਮਿਸ਼ਨਰ ਅਤੇ ਇੰਡੀਅਨ ਕੌਂਸਲ ਆਫ਼ ਚਾਈਲਡ ਵੈਲਫੇਅਰ ਦੀ ਮੁਖੀ ਰਹੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੀ ਪ੍ਰਧਾਨ, ਟਿਊਰਕਿਊਲੋਸਿਸ ਐਸੋਸੀਏਸ਼ਨ ਆਫ਼ ਇੰਡੀਆ ਅਤੇ ਹਿੰਦ ਕੁਸ਼ਟ ਨਿਵਾਰਣ ਸੰਘ ਦੀ ਪ੍ਰਧਾਨ, ਗਾਂਧੀ ਸਮਾਰਕ ਫੰਡ ਅਤੇ ਜਲ੍ਹਿਆਂ ਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੀ ਟਰੱਸਟੀ, ਕੌਂਸਲ ਆਫ਼ ਸਾਇੰਟੀਫਿਕ ਅਤੇ ਇੰਡਸਟਰੀਅਲ ਰਿਸਰਚ ਦੀ ਗਵਰਨਿੰਗ ਬਾਡੀ ਦੀ ਮੈਂਬਰ ਅਤੇ ਦਿੱਲੀ ਮਿਊਜ਼ਕ ਸੁਸਾਇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਈ।

2 ਫਰਵਰੀ 1889 ਨੂੰ ਉਤਰ ਪ੍ਰਦੇਸ਼ ਦੇ ਲਖਨਊ ਵਿਚ ਜਨਮ ਲੈਣ ਵਾਲੀ ਰਾਜਕੁਮਾਰੀ ਅੰਮ੍ਰਿਤ ਕੌਰ ਆਹਲੂਵਾਲੀਆ ਨੂੰ ਖੇਡਾਂ ਨਾਲ ਬਹੁਤ ਪਿਆਰ ਸੀ। ਇਸੇ ਕਰਕੇ ਉਨ੍ਹਾਂ ਨੇ ਨੈਸ਼ਨਲ ਸਪੋਰਟਸ ਕਲੱਬ ਆਫ਼ ਇੰਡੀਆ ਦੀ ਸਥਾਪਨਾ ਕੀਤੀ ਜਿਸ ਦੀ ਉਹ ਸ਼ੁਰੂ ਤੋਂ ਹੀ ਪ੍ਰਧਾਨ ਰਹੀ। ਉਨ੍ਹਾਂ ਨੂੰ ਟੈਨਿਸ ਖੇਡਣ ਦਾ ਬਹੁਤ ਸ਼ੌਕ ਸੀ ਜਿਸ ਵਿਚ ਉਨ੍ਹਾਂ ਨੂੰ ਕਈ ਵਾਰ ਚੈਂਪੀਅਨਸ਼ਿਪ ਵੀ ਮਿਲੀ। 

ਰਾਜਕੁਮਾਰੀ ਅੰਮ੍ਰਿਤ ਕੌਰ ਸ਼ੁੱਧ ਸ਼ਾਕਾਹਾਰੀ ਸੀ ਉਨ੍ਹਾਂ ਨੇ ਪੂਰੀ ਜ਼ਿੰਦਗੀ ਸਾਦਗੀ ਭਰਿਆ ਜੀਵਨ ਬਤੀਤ ਕੀਤਾ। 2 ਅਕਤੂਬਰ 1964 ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਨੂੰ ਦਫ਼ਨਾਇਆ ਨਹੀਂ ਬਲਕਿ ਜਲਾਇਆ ਗਿਆ ਸੀ। ਅੱਜ ਭਾਵੇਂ ਰਾਜਕੁਮਾਰ ਅੰਮ੍ਰਿਤ ਕੌਰ ਇਸ ਦੁਨੀਆਂ ਵਿਚ ਨਹੀਂ ਪਰ ਦੇਸ਼ ਦੀ ਆਜ਼ਾਦੀ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਵਿਸ਼ਵ ਪ੍ਰਸਿੱਧ ਟਾਈਮ ਮੈਗਜ਼ੀਨ ਨੇ ਵੀ ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਮਾਨ ਸਨਮਾਨ ਦਿੰਦਿਆਂ 1947 ਦੀ 'ਵੁਮੈਨ ਆਫ਼ ਦਿ ਈਅਰ' ਚੁਣਿਐ ਅਪਣੇ ਕਵਰ ਪੇਜ਼ 'ਤੇ ਥਾਂ ਦੇਣ ਦਾ ਫ਼ੈਸਲਾ ਕੀਤੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।