NSE ਘੁਟਾਲਾ : ਸਾਬਕਾ CEO ਚਿੱਤਰਾ ਰਾਮਕ੍ਰਿਸ਼ਨ ਨੂੰ 7 ਦਿਨ ਲਈ CBI ਰਿਮਾਂਡ 'ਤੇ ਭੇਜਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

 4 ਦਿਨ ਦੀ ਪੁੱਛਗਿੱਛ ਤੋਂ ਬਾਅਦ ਐਤਵਾਰ ਦੇਰ ਸ਼ਾਮ ਸੀਬੀਆਈ ਕੀਤਾ ਸੀ ਗ੍ਰਿਫ਼ਤਾਰ 

Former CEO Chitra Ramakrishnan

ਨਵੀਂ ਦਿੱਲੀ : ਸੀਬੀਆਈ ਨੇ ਸੋਮਵਾਰ ਨੂੰ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੀ ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਅਤੇ ਸਾਬਕਾ ਸੀਓਓ ਆਨੰਦ ਸੁਬਰਾਮਨੀਅਮ ਨੂੰ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ। ਇੱਥੇ ਅਦਾਲਤ ਨੇ ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ 7 ਦਿਨ ਅਤੇ ਆਨੰਦ ਸੁਬਰਾਮਨੀਅਮ ਨੂੰ 2 ਦਿਨ ਦੀ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ। ਚਿਤਰਾ ਨੂੰ 4 ਦਿਨ ਦੀ ਪੁੱਛਗਿੱਛ ਤੋਂ ਬਾਅਦ ਐਤਵਾਰ ਦੇਰ ਸ਼ਾਮ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ ਜਦਕਿ ਆਨੰਦ ਸੁਬਰਾਮਨੀਅਮ ਪਹਿਲਾਂ ਹੀ ਸੀਬੀਆਈ ਰਿਮਾਂਡ 'ਤੇ ਸਨ। 

ਸੀਬੀਆਈ ਨੇ ਅਦਾਲਤ ਵਿੱਚ ਕਿਹਾ ਕਿ 6 ਮਾਰਚ ਨੂੰ ਚਿੱਤਰਾ ਰਾਮਕ੍ਰਿਸ਼ਨ ਅਤੇ ਆਨੰਦ ਸੁਬਰਾਮਨੀਅਮ ਦਾ ਆਹਮੋ-ਸਾਹਮਣਾ ਹੋਇਆ ਸੀ ਪਰ ਚਿੱਤਰਾ ਨੇ ਆਨੰਦ ਸੁਬਰਾਮਨੀਅਮ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੀ। ਚਿਤਰਾ ਬੇਤੁਕੇ ਜਵਾਬ ਦੇ ਕੇ ਸੀਬੀਆਈ ਦੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ। ਸੀਬੀਆਈ ਦਾ ਕਹਿਣਾ ਹੈ ਕਿ ਚਿੱਤਰਾ ਅਤੇ ਆਨੰਦ ਵਿਚਾਲੇ 2500 ਈਮੇਲਾਂ ਟਰੇਸ ਹੋਈਆਂ ਹਨ, ਜਿਨ੍ਹਾਂ ਦੀ ਜਾਂਚ ਹੋਣੀ ਹੈ।

ਸੀਬੀਆਈ ਦਾ ਅਦਾਲਤ ਵਿੱਚ ਇਹ ਵੀ ਕਹਿਣਾ ਸੀ ਕਿ ਸੇਬੀ ਅਤੇ ਐਨਐਸਈ ਦੇ ਉਨ੍ਹਾਂ ਅਧਿਕਾਰੀਆਂ ਨੂੰ ਵੀ ਟਰੇਸ ਕੀਤਾ ਜਾਣਾ ਹੈ ਜੋ ਉਨ੍ਹਾਂ ਨਾਲ ਜੁੜੇ ਹੋਏ ਸਨ। ਹਾਲਾਂਕਿ ਚਿਤਰਾ ਰਾਮਕ੍ਰਿਸ਼ਨ ਦੇ ਵਕੀਲ ਨੇ ਕਿਹਾ ਕਿ ਉਹ ਖੁਦ ਸੀਬੀਆਈ ਦੇ ਸਾਹਮਣੇ ਪਹੁੰਚ ਕੇ ਜਾਂਚ ਵਿੱਚ ਸ਼ਾਮਲ ਹੋਏ ਹਨ ਅਤੇ ਸੀਬੀਆਈ ਨੇ ਵੀ ਕਰੀਬ 4 ਦਿਨ ਪੁੱਛਗਿੱਛ ਕੀਤੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚਿੱਤਰਾ ਨੂੰ 14 ਮਾਰਚ ਤੱਕ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ। 

ਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਵਿੱਚ ਬੇਨਿਯਮੀਆਂ ਬਾਰੇ ਤਾਜ਼ਾ ਖੁਲਾਸੇ ਦੇ ਵਿਚਕਾਰ, ਕੋ-ਲੋਕੇਸ਼ਨ (ਸਹਿ-ਸਥਾਨ) ਘੁਟਾਲੇ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫਤਾਰੀ ਕੀਤੀ ਗਈ ਸੀ, ਜਿਸ ਲਈ ਮਈ 2018 ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਸੀਬੀਆਈ ਮਾਰਕੀਟ ਐਕਸਚੇਂਜਾਂ ਦੇ ਕੰਪਿਊਟਰ ਸਰਵਰਾਂ ਤੋਂ ਸਟਾਕ ਬ੍ਰੋਕਰਾਂ ਨੂੰ ਜਾਣਕਾਰੀ ਦੇ ਕਥਿਤ ਗ਼ਲਤ ਪ੍ਰਸਾਰ ਦੀ ਜਾਂਚ ਕਰ ਰਹੀ ਹੈ।