Bihar News: ਔਰਤ ਨਾਲ ਤਸ਼ੱਦਦ ਦੀਆਂ ਸਾਰੀਆਂ ਹੱਦਾਂ ਪਾਰ, ਪੈਰਾਂ ਦੀਆਂ ਦੋਵੇਂ ਤਲੀਆਂ 'ਚ ਠੋਕੀਆਂ ਮੇਖਾਂ, ਫਿਰ ਖੇਤਾਂ ਵਿਚ ਸੁੱਟੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

Bihar woman brutal murder news in punbai

ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਚਾਂਡੀ ਥਾਣਾ ਖੇਤਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਕੇ ਉਸ ਦੀ ਲਾਸ਼ ਸੜਕ ਕਿਨਾਰੇ ਇੱਕ ਖੇਤ ਵਿੱਚ ਸੁੱਟ ਦਿੱਤੀ ਗਈ। ਕਤਲ ਦੀ ਬੇਰਹਿਮੀ ਇਸ ਹੱਦ ਤੱਕ ਸੀ ਕਿ ਔਰਤ ਦੀਆਂ ਦੋਵੇਂ ਪੈਰਾਂ ਦੀਆਂ ਤਲੀਆਂ 'ਤੇ ਮੇਖਾਂ ਠੋਕੀਆਂ ਗਈਆਂ ਸਨ। 

ਵੀਰਵਾਰ ਸਵੇਰੇ ਬਹਾਦੁਰਪੁਰ ਪਿੰਡ ਦੇ ਲੋਕਾਂ ਨੇ ਸੜਕ ਕਿਨਾਰੇ ਖੇਤਾਂ ਵਿੱਚ ਇੱਕ ਔਰਤ ਦੀ ਲਾਸ਼ ਪਈ ਦੇਖੀ। ਲਾਸ਼ ਨੂੰ ਦੇਖ ਕੇ ਪਿੰਡ ਵਾਸੀ ਘਬਰਾ ਗਏ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ ਔਰਤ ਨੇ ਨਾਈਟੀ ਪਹਿਨੀ ਹੋਈ ਸੀ, ਜਿਸ ਕਾਰਨ ਇਹ ਸ਼ੱਕ ਗੂੜ੍ਹਾ ਹੋ ਗਿਆ ਹੈ ਕਿ ਕਤਲ ਕਰਨ ਤੋਂ ਪਹਿਲਾਂ ਉਸ 'ਤੇ ਤਸ਼ੱਦਦ ਕੀਤਾ ਗਿਆ ਸੀ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ, ਲਾਸ਼ ਨੂੰ ਬਿਹਾਰਸ਼ਰੀਫ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ, ਤਾਂ ਜੋ ਪੋਸਟਮਾਰਟਮ ਅਤੇ ਪਛਾਣ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ।

ਪੁਲਿਸ ਨੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਈ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਕਤਲ ਦਾ ਕਾਰਨ ਸਪੱਸ਼ਟ ਹੋਵੇਗਾ।

ਇਸ ਬੇਰਹਿਮੀ ਨਾਲ ਕਤਲ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੀ ਭਿਆਨਕ ਘਟਨਾ ਪਹਿਲਾਂ ਕਦੇ ਨਹੀਂ ਦੇਖੀ ਗਈ। ਪੁਲਿਸ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਔਰਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਉਧਰ ਇਸ ਮਾਮਲੇ ਸਬੰਧੀ ਡੀਐਸਪੀ ਸੁਮਿਤ ਕੁਮਾਰ ਨੇ ਕਿਹਾ ਕਿ ਜਲਦੀ ਹੀ ਇਸ ਕਤਲ ਕਾਂਡ ਦਾ ਪਰਦਾਫਾਸ਼ ਕਰ ਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।