ਰਾਸ਼ਟਰਪਤੀ ਮੁਰਮੂ ਨੇ ਪਛਮੀ ਬੰਗਾਲ ਸਰਕਾਰ ਵਲੋਂ ਆਦਿਵਾਸੀਆਂ ਦੀ ਭਲਾਈ ਦੀ ਇੱਛਾ 'ਤੇ ਸਵਾਲ ਚੁੱਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਮਤਾ ਬੈਨਰਜੀ ਨੂੰ ਛੋਟੀ ਭੈਣ ਕਿਹਾ, ਇਕੱਠ ਦੀ ਥਾਂ ਬਦਲਣ ਦਾ ਕਾਰਨ ਵੀ ਪੁੱਛਿਆ 

President Murmu questions West Bengal government's desire for tribal welfare

ਸਿਲੀਗੁੜੀ : ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸਨਿਚਰਵਾਰ ਨੂੰ ਪਛਮੀ ਬੰਗਾਲ ਸਰਕਾਰ ਵਲੋਂ ਸੂਬੇ ਦੇ ਆਦਿਵਾਸੀਆਂ ਦੀ ਭਲਾਈ ਦੀ ਇੱਛਾ ’ਤੇ ਸਵਾਲ ਚੁਕੇ ਅਤੇ ਬਾਗਡੋਗਰਾ ਹਵਾਈ ਅੱਡੇ ਨੇੜੇ ਕਬਾਇਲੀ ਭਾਈਚਾਰੇ ਦੇ ਇਕ ਸਮਾਗਮ ’ਚ ਘੱਟ ਹਾਜ਼ਰੀ ਉਤੇ ਅਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਨੇ ਬਿਧਾਨਨਗਰ ਤੋਂ ਸਮਾਗਮ ਦੀ ਥਾਂ ਬਦਲਣ ਦੇ ਫੈਸਲੇ ਉਤੇ ਸਵਾਲ ਚੁਕਦਿਆਂ ਪਛਮੀ  ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੇ ਮੰਤਰੀਆਂ ਦੀ ਗੈਰ-ਹਾਜ਼ਰੀ ਦਾ ਵੀ ਜ਼ਿਕਰ ਕੀਤਾ। 

ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਆਮ ਤੌਰ ਉਤੇ  ਜਦੋਂ ਰਾਸ਼ਟਰਪਤੀ ਆ ਰਹੇ ਹੁੰਦੇ ਹਨ ਤਾਂ ਮੁੱਖ ਮੰਤਰੀ ਦਾ ਸਵਾਗਤ ਕਰਨਾ ਚਾਹੀਦਾ ਹੈ ਅਤੇ ਹੋਰ ਮੰਤਰੀ ਮੌਜੂਦ ਹੋਣੇ ਚਾਹੀਦੇ ਹਨ। ਪਰ ਉਹ ਨਹੀਂ ਆਏ। ਰਾਜਪਾਲ ਬਦਲ ਗਏ ਹਨ ਅਤੇ ਨਹੀਂ ਆ ਸਕੇ। ਪਰ ਕਿਉਂਕਿ ਤਰੀਕ ਤੈਅ ਕੀਤੀ ਗਈ ਸੀ, ਇਸ ਲਈ ਮੈਂ ਆਈ ਹਾਂ। ਪਰ ਕੋਈ ਗੱਲ ਨਹੀਂ। ਮੈਂ ਇੱਥੇ ਆਉਣ ਲਈ ਤੁਹਾਡਾ ਧੰਨਵਾਦ ਕਰਨਾ ਚਾਹਾਂਗੀ।’’

ਉਨ੍ਹਾਂ ਅੱਗੇ ਕਿਹਾ, ‘‘ਜੇਕਰ ਇਹ ਪ੍ਰੋਗਰਾਮ ਉੱਥੇ (ਬਿਧਾਨਗਰ) ਹੁੰਦਾ ਤਾਂ ਬਿਹਤਰ ਹੁੰਦਾ। ਉੱਥੇ ਕਾਫ਼ੀ ਜਗ੍ਹਾ ਹੈ, ਅਤੇ ਬਹੁਤ ਸਾਰੇ ਲੋਕ ਸ਼ਾਮਲ ਹੋ ਸਕਦੇ ਸਨ। ਪਰ ਮੈਨੂੰ ਨਹੀਂ ਪਤਾ ਕਿ ਸੂਬਾ ਪ੍ਰਸ਼ਾਸਨ ਨੇ ਉੱਥੇ ਮੀਟਿੰਗ ਦੀ ਇਜਾਜ਼ਤ ਕਿਉਂ ਨਹੀਂ ਦਿਤੀ। ਅੱਜ ਦਾ ਇਹ ਪ੍ਰੋਗਰਾਮ ਅਜਿਹੀ ਜਗ੍ਹਾ ਉਤੇ  ਹੋ ਰਿਹਾ ਹੈ ਕਿ ਲੋਕਾਂ ਦਾ ਆਉਣਾ ਮੁਸ਼ਕਿਲ ਹੈ। ਸ਼ਾਇਦ ਸੂਬਾ ਸਰਕਾਰ ਆਦਿਵਾਸੀਆਂ ਦੀ ਭਲਾਈ ਨਹੀਂ ਚਾਹੁੰਦੀ ਅਤੇ ਇਸੇ ਲਈ ਉਨ੍ਹਾਂ ਨੂੰ ਇੱਥੇ ਆਉਣ ਤੋਂ ਰੋਕਿਆ ਗਿਆ ਸੀ।’’

ਉਨ੍ਹਾਂ ਕਿਹਾ, ‘‘ਮਮਤਾ ਬੈਨਰਜੀ ਮੇਰੀ ਛੋਟੀ ਭੈਣ ਵਰਗੀ ਹੈ। ਮੈਂ ਵੀ ਬੰਗਾਲ ਦੀ ਬੇਟੀ ਹਾਂ। ਪਰ ਮੈਨੂੰ ਨਹੀਂ ਪਤਾ ਕਿ ਮੈਨੂੰ ਇੱਥੇ ਆਉਣ ਦੀ ਇਜਾਜ਼ਤ ਕਿਉਂ ਨਹੀਂ ਦਿਤੀ  ਗਈ। ਮੈਨੂੰ ਨਹੀਂ ਪਤਾ ਕਿ ਉਹ ਪਰੇਸ਼ਾਨ ਹੈ ਜਾਂ ਨਹੀਂ, ਅਤੇ ਇਸ ਲਈ ਸਥਾਨ ਬਦਲ ਦਿਤਾ ਗਿਆ ਸੀ।’’ ਅਜਿਹੇ ਸਮਾਗਮਾਂ ਵਿਚ ਵਿਆਪਕ ਚੁਨੌਤੀਆਂ ਉਤੇ  ਚਾਨਣਾ ਪਾਉਂਦਿਆਂ ਮੁਰਮੂ ਨੇ ਕਿਹਾ, ‘‘ਜਦੋਂ ਮੈਂ ਇਸ ਕੌਮਾਂਤਰੀ  ਕਾਨਫਰੰਸ ਵਿਚ ਇੱਥੇ ਆ ਰਹੀ ਸੀ, ਤਾਂ ਮੈਨੂੰ ਅਹਿਸਾਸ ਹੋਇਆ ਕਿ ਕੋਈ ਇਸ ਸਮਾਗਮ ਲਈ ਤਿਆਰ ਨਹੀਂ ਸੀ। ਇੰਝ ਜਾਪਦਾ ਹੈ ਕਿ ਕੁੱਝ  ਲੋਕ ਨਹੀਂ ਚਾਹੁੰਦੇ ਕਿ ਸੰਤਾਲ ਤਰੱਕੀ ਕਰਨ, ਸਿੱਖਣ ਅਤੇ ਮਜ਼ਬੂਤ ਬਣਨ ਲਈ ਇਕਜੁੱਟ ਹੋਣ।’’

ਮੁਰਮੂ ਨੂੰ ਸਾਲਾਨਾ ਪ੍ਰੋਗਰਾਮ ਵਿਚ ਬੁਲਾਇਆ ਗਿਆ ਸੀ, ਜੋ ਅਸਲ ਵਿਚ ਸਿਲੀਗੁੜੀ ਦੇ ਬਿਧਾਨਨਗਰ ਵਿਚ ਨਿਰਧਾਰਤ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦਸਿਆ  ਕਿ ਸੁਰੱਖਿਆ ਅਤੇ ਹੋਰ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਧਿਕਾਰੀਆਂ ਨੇ ਇਸ ਸਥਾਨ ਨੂੰ ਬਾਗਡੋਗਰਾ ਹਵਾਈ ਅੱਡੇ ਦੇ ਨੇੜੇ ਗੋਸ਼ਾਈਪੁਰ ਤਬਦੀਲ ਕਰ ਦਿਤਾ। ਜਦੋਂ ਰਾਸ਼ਟਰਪਤੀ ਸਨਿਚਰਵਾਰ  ਦੁਪਹਿਰ ਨੂੰ ਸਮਾਗਮ ਵਾਲੀ ਥਾਂ ਉਤੇ  ਪਹੁੰਚੇ, ਤਾਂ ਸਿਰਫ ਮੁੱਠੀ ਭਰ ਲੋਕ ਮੌਜੂਦ ਸਨ।  ਸਿਲੀਗੁੜੀ ਦੇ ਮੇਅਰ ਗੌਤਮ ਦੇਬ ਹਵਾਈ ਅੱਡੇ ਉਤੇ  ਮੌਜੂਦ ਰਾਜ ਸਰਕਾਰ ਦੇ ਇਕਲੌਤੇ ਨੁਮਾਇੰਦੇ ਸਨ ਜਿਨ੍ਹਾਂ ਨੇ ਉਸ ਦਾ ਸਵਾਗਤ ਕੀਤਾ। ਪ੍ਰੋਟੋਕੋਲ ਮੁਤਾਬਕ ਆਮ ਤੌਰ ਉਤੇ  ਮੁੱਖ ਮੰਤਰੀ ਜਾਂ ਸੂਬਾ ਸਰਕਾਰ ਦਾ ਮੰਤਰੀ ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਮੌਜੂਦ ਹੁੰਦਾ ਹੈ। 

ਭਾਜਪਾ ਦੇ ਇਸ਼ਾਰੇ ਉਤੇ  ਬੰਗਾਲ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਰਾਜਨੀਤੀ ਕਰ ਰਹੇ ਹਨ: ਮਮਤਾ 
ਕੋਲਕਾਤਾ : ਪਛਮੀ  ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰਪਤੀ ਦਰੌਪਦੀ ਮੁਰਮੂ ਉਤੇ  ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਸ਼ਾਰੇ ਉਤੇ  ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਕਰ ਰਹੇ ਹਨ।  ਉੱਤਰੀ ਬੰਗਾਲ ਦੀ ਯਾਤਰਾ ਦੌਰਾਨ ਮੁਰਮੂ ਦੀਆਂ ਟਿਪਣੀਆਂ ਉਤੇ  ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਸੂਬਾ ਸਰਕਾਰ ਨੂੰ ਬਦਨਾਮ ਕਰਨ ਲਈ ਰਾਸ਼ਟਰਪਤੀ ਦਫ਼ਤਰ ਦੀ ਵਰਤੋਂ ਕਰ ਰਹੀ ਹੈ। ਮੁੱਖ ਮੰਤਰੀ ਨੇ ਕੋਲਕਾਤਾ ਵਿਚ ਇਕ  ਵਿਰੋਧ ਪ੍ਰਦਰਸ਼ਨ ਸਥਾਨ ਉਤੇ  ਕਿਹਾ, ‘‘ਭਾਜਪਾ ਇੰਨੀ ਨੀਵੀਂ ਹੋ ਗਈ ਹੈ ਕਿ ਉਹ ਰਾਜ ਨੂੰ ਬਦਨਾਮ ਕਰਨ ਲਈ ਰਾਸ਼ਟਰਪਤੀ ਦਰੌਪਦੀ ਮੁਰਮੂ ਦੀ ਵਰਤੋਂ ਕਰ ਰਹੀ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਪ੍ਰੋਗਰਾਮ ਵਿਚ ਸੂਬੇ ਦੇ ਨੁਮਾਇੰਦਿਆਂ ਦੀ ਗੈਰਹਾਜ਼ਰੀ ਬਾਰੇ ਦਿਤੀ  ਗਈ ਜਾਣਕਾਰੀ ਗਲਤ ਸੀ। 
ਮਮਤਾ ਬੈਨਰਜੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਜਿਹੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਾ ਉਨ੍ਹਾਂ ਲਈ ਹਮੇਸ਼ਾ ਸੰਭਵ ਨਹੀਂ ਹੁੰਦਾ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਸਾਲ ’ਚ ਇਕ ਵਾਰ ਆਉਂਦੇ ਹੋ ਤਾਂ ਮੈਂ ਤੁਹਾਡਾ ਸਵਾਗਤ ਕਰ ਸਕਦੀ ਹਾਂ ਪਰ ਜੇਕਰ ਤੁਸੀਂ ਚੋਣਾਂ ਦੌਰਾਨ ਆਉਂਦੇ ਹੋ ਤਾਂ ਮੇਰੇ ਲਈ ਤੁਹਾਡੇ ਪ੍ਰੋਗਰਾਮਾਂ ’ਚ ਸ਼ਾਮਲ ਹੋਣਾ ਸੰਭਵ ਨਹੀਂ ਹੋਵੇਗਾ ਕਿਉਂਕਿ ਮੈਂ ਲੋਕਾਂ ਦੇ ਅਧਿਕਾਰਾਂ ਲਈ ਰੁੱਝੀ ਹੋਈ ਹਾਂ।’’