ਅਮਰੀਕਾ ਵਲੋਂ ਭਾਰਤ ਨੂੰ ਰੂਸ ਤੋਂ ਤੇਲ ਖ਼ਰੀਦਣ ਲਈ 30 ਦਿਨਾਂ ਦੀ ਛੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀ ਸਪਲਾਈ ਬਣਾਈ ਰੱਖਣ ਲਈ ਅਮਰੀਕੀ ਨੇ ਲਿਆ ਫ਼ੈਸਲਾ

US gives India 30-day waiver to buy oil from Russia

ਨਿਊਯਾਰਕ/ਵਾਸ਼ਿੰਗਟਨ: ਇਰਾਨ ਨਾਲ ਵਧਦੇ ਸੰਘਰਸ਼ ਦੇ ਮੱਦੇਨਜ਼ਰ ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤੀ ਰਿਫਾਇਨਰੀਆਂ ਨੂੰ ਰੂਸੀ ਤੇਲ ਖਰੀਦਣ ਦੀ ਇਜਾਜ਼ਤ ਦੇਣ ਲਈ 30 ਦਿਨਾਂ ਦੀ ਛੋਟ ਅਸਥਾਈ ਤੌਰ ਉਤੇ ਦੇ ਰਿਹਾ ਹੈ। ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ, ‘‘ਰਾਸ਼ਟਰਪਤੀ ਡੋਨਾਲਡ ਟਰੰਪ ਦੇ ਊਰਜਾ ਏਜੰਡੇ ਕਾਰਨ ਤੇਲ ਅਤੇ ਗੈਸ ਦਾ ਉਤਪਾਦਨ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਿਆ ਹੈ। ਆਲਮੀ ਬਾਜ਼ਾਰ ’ਚ ਤੇਲ ਦੀ ਸਪਲਾਈ ਜਾਰੀ ਰੱਖਣ ਲਈ ਵਿੱਤ ਮੰਤਰਾਲਾ ਭਾਰਤੀ ਰਿਫਾਇਨਰੀਆਂ ਨੂੰ ਰੂਸੀ ਤੇਲ ਖ਼ਰੀਦਣ ਦੀ ਇਜਾਜ਼ਤ ਦੇਣ ਲਈ ਅਸਥਾਈ ਤੌਰ ਉਤੇ 30 ਦਿਨਾਂ ਦੀ ਛੋਟ ਦੇ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਇਹ ਇਕ ‘ਥੋੜ੍ਹੇ ਸਮੇਂ ਦਾ ਕਦਮ’ ਹੈ ਅਤੇ ਰੂਸੀ ਸਰਕਾਰ ਨੂੰ ਕੋਈ ਵੱਡਾ ਵਿੱਤੀ ਲਾਭ ਨਹੀਂ ਦੇਵੇਗਾ ਕਿਉਂਕਿ ਇਸ ਨੇ ਸਿਰਫ ਤੇਲ ਦੇ ਲੈਣ-ਦੇਣ ਨੂੰ ਅਧਿਕਾਰਤ ਕੀਤਾ ਹੈ ਜੋ ਪਹਿਲਾਂ ਹੀ ਸਮੁੰਦਰ ਵਿਚ ਫਸੇ ਤੇਲ ਨਾਲ ਜੁੜੇ ਹੋਏ ਹਨ। ਬੇਸੈਂਟ ਨੇ ‘ਐਕਸ’ ਉਤੇ ਇਕ ਪੋਸਟ ’ਚ ਕਿਹਾ, ‘‘ਭਾਰਤ ਅਮਰੀਕਾ ਦਾ ਇਕ ਮਹੱਤਵਪੂਰਨ ਭਾਈਵਾਲ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਨਵੀਂ ਦਿੱਲੀ ਅਮਰੀਕੀ ਤੇਲ ਦੀ ਖਰੀਦ ਵਧਾਏਗੀ। ਇਹ ਅਸਥਾਈ ਕਦਮ ਇਰਾਨਦੀ ਵਿਸ਼ਵਵਿਆਪੀ ਊਰਜਾ ਸਪਲਾਈ ਨੂੰ ਰੋਕਣ ਦੀ ਕੋਸ਼ਿਸ਼ ਵਲੋਂ ਪੈਦਾ ਹੋਏ ਦਬਾਅ ਨੂੰ ਘੱਟ ਕਰੇਗਾ।’’

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਉਤੇ ਭਾਰਤ ਉਤੇ 25 ਫੀ ਸਦੀ ਦੰਡਾਤਮਕ ਟੈਰਿਫ ਲਗਾਇਆ ਸੀ। ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਨਵੀਂ ਦਿੱਲੀ ਵਲੋਂ ਤੇਲ ਦੀ ਖਰੀਦ ਯੂਕਰੇਨ ਵਿਰੁਧ ਰੂਸ ਦੀ ਲੜਾਈ ਨੂੰ ਵਧਾਉਣ ਵਿਚ ਸਹਾਇਤਾ ਕਰ ਰਹੀ ਹੈ। ਪਿਛਲੇ ਮਹੀਨੇ ਅਮਰੀਕਾ ਅਤੇ ਭਾਰਤ ਨੇ ਐਲਾਨ ਕੀਤਾ ਸੀ ਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਉਤੇ ਅੰਤਰਿਮ ਸਮਝੌਤੇ ਲਈ ਇਕ ਢਾਂਚੇ ਨੂੰ ਅੰਤਮ ਰੂਪ ਦਿਤਾ ਗਿਆ ਹੈ। ਇਸ ਤੋਂ ਬਾਅਦ ਟਰੰਪ ਨੇ ਭਾਰਤ ਉਤੇ ਲਗਾਈ ਗਈ 25 ਫੀ ਸਦੀ ਦੰਡਾਤਮਕ ਡਿਊਟੀ ਹਟਾਉਣ ਦਾ ਕਾਰਜਕਾਰੀ ਹੁਕਮ ਜਾਰੀ ਕੀਤਾ ਅਤੇ ਇਹ ਵੀ ਕਿਹਾ ਕਿ ਨਵੀਂ ਦਿੱਲੀ ਮਾਸਕੋ ਤੋਂ ਊਰਜਾ ਦੀ ਆਯਾਤ ਬੰਦ ਕਰਨ ਅਤੇ ਅਮਰੀਕੀ ਊਰਜਾ ਉਤਪਾਦਾਂ ਦੀ ਖਰੀਦ ਵਧਾਉਣ ਲਈ ਵਚਨਬੱਧ ਹੈ।