ਇਕ ਹੋਰ ਦਲਿਤ ਸੰਸਦ ਮੈਂਬਰ ਨੇ ਸਰਕਾਰ ਵਿਰੁਧ ਆਵਾਜ਼ ਚੁੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ 'ਤੇ ਦਲਿਤਾਂ ਨੂੰ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ

yeshwant singh nagina uttar pradesh bjp

ਭਾਰਤੀ ਜਨਤਾ ਪਾਰਟੀ (ਭਾਜਪਾ) ਅੰਦਰ ਦਲਿਤਾਂ ਦੇ ਮੁੱਦੇ 'ਤੇ ਵਿਰੋਧ ਵਧਦਾ ਜਾ ਰਿਹਾ ਹੈ। ਭਾਜਪਾ ਦੇ ਇਕ ਹੋਰ ਸੰਸਦ ਮੈਂਬਰ ਨੇ ਅਪਣੀ ਪਾਰਟੀ ਦੀ ਸਰਕਾਰ 'ਤੇ ਦਲਿਤਾਂ ਨੂੰ ਕੀਤੇ ਵਾਅਦੇ ਨਿਭਾਉਣ 'ਚ ਅਸਫ਼ਲ ਰਹਿਣ ਦਾ ਇਲਜ਼ਾਮ ਲਾਇਆ ਹੈ। ਉੱਤਰ ਪ੍ਰਦੇਸ਼ ਦੀ ਨਗੀਨਾ ਲੋਕ ਸਭਾ ਸੀਟ ਤੋਂ ਪਾਰਟੀ ਦੇ ਲੋਕ ਸਭਾ ਮੈਂਬਰ ਡਾ. ਯਸ਼ਵੰਤ ਸਿੰਘ ਸੱਤਾਧਾਰੀ ਪਾਰਟੀ ਦੇ ਪੰਜਵੇਂ ਅਤੇ ਯੂ.ਪੀ. ਤੋਂ ਚੌਥੇ ਸੰਸਦ ਮੈਂਬਰ ਹਨ ਜਿਨ੍ਹਾਂ ਨੇ ਅਪਣੀ ਪਾਰਟੀ ਦੀ ਕਾਰਗੁਜ਼ਾਰੀ 'ਤੇ ਇਤਰਾਜ਼ ਕੀਤਾ ਹੈ।ਇਸੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪਣੀ ਚਿੱਠੀ 'ਚ ਡਾ. ਯਸ਼ਵੰਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਚਾਰ ਸਾਲਾਂ 'ਚ ਦਲਿਤਾਂ ਨੂੰ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਦੇ ਸੰਸਦ ਮੈਂਬਰਾਂ ਲਈ ਦਲਿਤਾਂ ਨੂੰ ਜਵਾਬ ਦੇਣਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਨਿਜੀ ਖੇਤਰ 'ਚ ਵੀ ਅਨੁਸੂਚਿਤ ਜਾਤੀਆਂ ਲਈ ਰਾਖਵਾਂਕਰਨ ਲਾਗੂ ਕੀਤਾ ਜਾਵੇ ਅਤੇ ਹਜ਼ਾਰਾਂ ਖ਼ਾਲੀ ਅਸਾਮੀਆਂ ਭਰੀਆਂ ਜਾਣ।

ਉਨ੍ਹਾਂ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ ਇਸ ਗੱਲ ਦਾ ਸੰਕੇਤ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਭਾਜਪਾ ਵਲ ਆਕਰਸ਼ਿਤ ਹੋਏ ਦਲਿਤ ਹੁਣ ਪਾਰਟੀ ਤੋਂ ਮੂੰਹ ਮੋੜ ਰਹੇ ਹਨ। ਜਿਸ ਤਰ੍ਹਾਂ ਪਿਛਲੇ ਹਫ਼ਤੇ ਤੋਂ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਲਿਤਾਂ ਨੂੰ ਭਰੋਸੇ ਦੇਣ 'ਚ ਲੱਗੇ ਹੋਏ ਹਨ ਉਸ ਤੋਂ ਪਤਾ ਲਗਦਾ ਹੈ ਕਿ ਇਹ ਸੰਦੇਸ਼ ਸਰਕਾਰ ਤਕ ਪੁੱਜ ਗਿਆ ਹੈ। ਸ਼ੁਕਰਵਾਰ ਨੂੰ ਹੋਈ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ 'ਚ ਸਾਰੇ ਸੰਸਦ ਮੈਂਬਰਾਂ ਨੂੰ ਦਲਿਤਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਸੀ ਅਤੇ ਅੰਬੇਦਕਰ ਜੈਯੰਤੀ ਮੌਕੇ ਦੋ ਰਾਤਾਂ ਦਲਿਤਾਂ ਨਾਲ ਬਿਤਾਉਣ ਲਈ ਕਿਹਾ ਗਿਆ ਸੀ। ਡਾ. ਯਸ਼ਵੰਤ ਸਿੰਘ ਤੋਂ ਪਹਿਲਾਂ ਛੋਟੇ ਲਾਲ ਕਰਵਰ, ਸਾਵਿਤਰੀ ਬਾਈ ਫੂਲੇ, ਅਸ਼ੋਕ ਕੁਮਾਰ ਦੋਹਰੇ ਅਤੇ ਉਦਿਤ ਰਾਜ ਨੇ ਵੀ ਸਰਕਾਰ ਵਿਰੁਧ ਆਵਾਜ਼ ਚੁੱਕੀ ਸੀ। ਡਾ. ਯਸ਼ਵੰਤ ਸਿੰਘ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਛੱਡ ਕੇ ਭਾਜਪਾ 'ਚ ਆ ਗਏ ਸਨ।  (ਏਜੰਸੀਆਂ)