ਸੰਚਾਰ ਉਪਗ੍ਰਹਿ ਜੀਸੈਟ-17 ਪੁਲਾੜ ਵਿਚ ਸਥਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਅਤਿ ਆਧੁਨਿਕ ਸੰਚਾਰ ਉਪਗ੍ਰਹਿ ਜੀਸੈਟ-17 ਨੂੰ ਅੱਜ ਏਰੀਅਨ ਸਪੇਸ ਦੇ ਭਾਰੀ ਰਾਕਟ ਰਾਹੀਂ ਸਫ਼ਲਤਾ ਨਾਲ ਪੁਲਾੜ ਵਿਚ ਭੇਜ ਦਿਤਾ ਗਿਆ। ਲਗਭਗ 3477 ਕਿਲੋਗ੍ਰਾਮ ਵਜ਼ਨ..

Satellite

ਬੰਗਲੌਰ, 29 ਜੂਨ : ਭਾਰਤ ਦੇ ਅਤਿ ਆਧੁਨਿਕ ਸੰਚਾਰ ਉਪਗ੍ਰਹਿ ਜੀਸੈਟ-17 ਨੂੰ ਅੱਜ ਏਰੀਅਨ ਸਪੇਸ ਦੇ ਭਾਰੀ ਰਾਕਟ ਰਾਹੀਂ ਸਫ਼ਲਤਾ ਨਾਲ ਪੁਲਾੜ ਵਿਚ ਭੇਜ ਦਿਤਾ ਗਿਆ। ਲਗਭਗ 3477 ਕਿਲੋਗ੍ਰਾਮ ਵਜ਼ਨ ਵਾਲੇ ਜੀਸੈਟ-17 ਵਿਚ ਸੰਚਾਰ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਉਪਲਭਧ ਕਰਵਾਉਣ ਲਈ ਸੀ-ਬੈਂਡ ਅਤੇ ਐਸ-ਬੈਂਡ ਵਾਲੇ ਪੇਲੋਡ ਹਨ।
ਇਸ ਵਿਚ ਮੌਸਮ ਨਾਲ ਸਬੰਧਤ ਅੰਕੜੇ ਦੇਣ ਵਾਲਾ ਯੰਤਰ ਅਤੇ ਉਪਗ੍ਰਹਿ ਦੀ ਮਦਦ ਨਾਲ ਖੋਜ ਅਤੇ ਬਚਾਅ ਕਾਰਜਾਂ ਦੌਰਾਨ ਸੇਧ ਦੇਣ ਵਾਲੇ ਯੰਤਰ ਲੱਗੇ ਹੋਏ ਹਨ। ਹੁਣ ਤਕ ਇਹ ਸੇਵਾਵਾਂ ਇਨਸੈਟ ਉਪਗ੍ਰਹਿ ਰਾਹੀਂ ਮਿਲਦੀਆਂ ਸਨ। ਯੂਰਪੀ ਰਾਕਟ ਏਰੀਅਨ ਸਪੇਸ ਦੀ ਫਲਾਈਟ ਵੀ.ਏ.238 ਦਖਣੀ ਅਮਰੀਕਾ ਦੇ ਪੂਰਬੀ ਸਮੁੰਦਰੀ ਕਿਨਾਰੇ 'ਤੇ ਸਥਿਤ ਕਾਓਰੂ ਤੋਂ ਰਵਾਨਾ ਹੋਈ ਜੋ ਫ਼ਰਾਂਸਿਸੀ ਖੇਤਰ ਹੈ।
ਰਾਕਟ ਦੇ ਰਵਾਨਾ ਹੋਣ ਵਿਚ ਤੈਅ ਸਮੇਂ ਤੋਂ ਕੁੱਝ ਮਿੰਟਾਂ ਦੀ ਦੇਰ ਹੋਈ। ਭਾਰਤੀ ਸਮੇਂ ਮੁਤਾਬਕ ਇਸ ਨੇ ਰਾਤ 2.29 ਵਜੇ ਉਡਾਣ ਭਰੀ। ਲਗਭਗ 41 ਮਿੰਟ ਦਾ ਸਫ਼ਰ ਤੈਅ ਕਰ ਕੇ ਜੀਸੈਟ-17 ਨੂੰ ਗ੍ਰਹਿ ਪੰਧ 'ਤੇ ਪਾਉਣ ਤੋਂ ਕੁੱਝ ਮਿੰਟ ਪਹਿਲਾਂ ਹੇਲਾਸ ਸੈਟ-3 ਇਨਮਾਰਸੈਟ ਨੂੰ ਗ੍ਰਹਿ ਪੰਧ ਵਿਚ ਦਾਖ਼ਲ ਕਰਵਾਇਆ ਗਿਆ।
ਉਪਗ੍ਰਹਿ ਦੇ ਸਫ਼ਲਤਾ ਨਾਲ ਪੁਲਾੜ ਵਿਚ ਪੁੱਜਣ ਦਾ ਐਲਾਨ ਕਰਦਿਆਂ ਏਰੀਅਨਸਪੇਸ ਦੇ ਸੀ.ਈ.ਓ. ਸਟੀਫ਼ਨ ਇਜ਼ਰਾਈਲ ਨੇ ਟਵੀਟ ਕੀਤਾ, ''ਜੀਸੈਟ-17 ਅਪਣੇ ਰਾਕਟ ਵੀ.ਏ. 238 ਤੋਂ ਸਫ਼ਲਤਾ ਨਾਲ ਵੱਖ ਹੋ ਗਿਆ ਜਿਸ ਬਾਰੇ ਪੂਰਨ ਪੁਸ਼ਟੀ ਹੋ ਗਈ ਹੈ।''
ਮਿਸ਼ਨ ਦੀ ਸਫ਼ਲਤਾ ਮਗਰੋਂ ਇਸਰੋ ਦੇ ਮੁੱਖ ਦਫ਼ਤਰ ਤੋਂ ਐਲਾਨ ਕੀਤਾ ਗਿਆ, ''ਜੀਸੈਟ-17 ਦੀ ਸਫ਼ਲਤਾ ਨਾਲ 17 ਦੂਰਸੰਚਾਰ ਉਪਗ੍ਰਹਿਆਂ ਨੂੰ ਮਜ਼ਬੂਤੀ ਮਿਲੇਗੀ। ਇਥੇ ਦਸਣਾ ਬਣਦਾ ਹੈ ਕਿ ਇਸਰੋ ਵਲੋਂ ਇਸ ਮਹੀਨੇ ਤੀਜਾ ਉਪਗ੍ਰਹਿ ਪੁਲਾੜ ਵਿਚ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਜੀ.ਐਸ.ਐਲ.ਵੀ. ਮਾਰਕ-3 ਅਤੇ ਪੀ.ਐਸ.ਐਲ.ਵੀ. ਸੀ-38 ਨੂੰ ਸ੍ਰੀਹਰੀਕੋਟਾ ਤੋਂ ਦਾਗਿਆ ਗਿਆ ਸੀ। (ਪੀਟੀਆਈ)