ਯੂਪੀ 'ਚ ਭੜਕ ਸਕਦੀ ਹੈ ਹਿੰਸਾ, ਹਾਈ ਅਲਰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਸਸੀ-ਐਸਟੀ ਐਕਟ ਨਾਲ ਛੇੜਛਾੜ ਅਤੇ ਡਾ. ਭੀਮ ਰਾਉ ਅੰਬੇਦਕਰ ਦੀਆਂ ਮੂਰਤੀਆਂ ਤੋੜੇ ਜਾਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹਾਲੇ ਪੂਰੀ ਤਰ੍ਹਾਂ...

High alert in west Uttar Pradesh

ਮੇਰਠ : ਐਸਸੀ-ਐਸਟੀ ਐਕਟ ਨਾਲ ਛੇੜਛਾੜ ਅਤੇ ਡਾ. ਭੀਮ ਰਾਉ ਅੰਬੇਦਕਰ ਦੀਆਂ ਮੂਰਤੀਆਂ ਤੋੜੇ ਜਾਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹਾਲੇ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਇਆ ਹੈ। ਪੱਛਮੀ ਉੱਤਰੀ ਪ੍ਰਦੇਸ਼ ਵਿਚ 14 ਅਪ੍ਰੈਲ ਨੂੰ ਇਕ ਵਾਰ ਫਿਰ ਹਿੰਸਾ ਭੜਕਣ ਦੀ ਖ਼ੁਫ਼ੀਆ ਸੂਚਨਾ ਮਿਲੀ ਹੈ। ਇੰਟੈਲੀਜੈਂਸ ਨੇ ਵੀ ਅਪਣੀ ਰਿਪੋਰਟ ਵਿਚ ਇਸ ਦਾ ਜ਼ਿਕਰ ਕੀਤਾ ਹੈ। ਇਸ ਦੇ ਮੱਦੇਨਜ਼ਰ ਪੱਛਮੀ ਯੂਪੀ ਨੂੰ ਹਾਈ ਅਲਰਟ 'ਤੇ ਰਖਿਆ ਗਿਆ ਹੈ।

ਇਸ ਇਨਪੁੱਟ ਤੋਂ ਬਾਅਦ ਪੁਲਿਸ ਵਿਭਾਗ ਵਿਚ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ ਕਰ ਦਿਤੀਆਂ ਗਈਆਂ ਹਨ। ਜੋ ਪੁਲਿਸ ਮੁਲਾਜ਼ਮ ਛੁੱਟੀਆਂ 'ਤੇ ਗਏ ਹੋਏ ਹਨ, ਉਨ੍ਹਾਂ ਨੂੰ ਵੀ ਫ਼ੋਨ ਕਰ ਕੇ ਬੁਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਵਾਧੂ ਪੁਲਿਸ ਫ਼ੋਰਸ, ਆਰਏਐਫ਼ ਅਤੇ ਆਰਆਰਐਫ਼ ਵੀ ਮੰਗਵਾਈ ਜਾ ਰਹੀ ਹੈ। ਕੰਟਰੋਲ ਰੂਮ ਨੂੰ 15 ਅਪ੍ਰੈਲ ਤਕ ਸਰਗਰਮ ਰਖਿਆ ਗਿਆ ਹੈ। 

ਪੇਂਡੂ ਇਲਾਕਿਆਂ ਵਿਚ ਪੁਲਿਸ-ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੀਟਿੰਗਾਂ ਸ਼ੁਰੂ ਕਰ ਦਿਤੀਆਂ ਹਨ। ਪੂਰੇ ਦੇਸ਼ ਵਿਚ ਦੋ ਅਪ੍ਰੈਲ ਨੂੰ ਭਾਰਤ ਬੰਦ ਹੋਇਆ ਸੀ। ਮੇਰਠ ਸਮੇਤ ਪੱਛਮੀ ਯੂਪੀ ਵਿਚ ਹਿੰਸਾ ਭੜਕੀ ਸੀ ਅਤੇ ਕਈ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਅਗਜ਼ਨੀ ਅਤੇ ਪਥਰਾਅ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ। ਪੁਲਿਸ ਚੌਕੀਆਂ ਸਾੜੀਆਂ ਗਈਆਂ।

ਇਸ ਘਟਨਾ ਤੋਂ ਬਾਅਦ ਅਗਜ਼ਨੀ ਅਤੇ ਹਤਿਆ ਦੇ ਯਤਨ ਦੇ ਮੁਕੱਦਮੇ ਦਰਜ ਕੀਤੇ ਗਏ। ਹੁਣ ਇੰਟੈਲੀਜੈਂਸ ਨੇ ਰਿਪੋਰਟ ਦਿਤੀ ਹੈ ਕਿ ਦਲਿਤ ਨੇਤਾਵਾਂ ਅਤੇ ਡਾ. ਅੰਬੇਦਕਰ ਦੀਆਂ ਮੂਰਤੀਆਂ ਨੂੰ ਨਿਸ਼ਾਨਾ ਬਣਾ ਕੇ ਦੁਬਾਰਾ ਹਿੰਸਾ ਭੜਕਾਈ ਜਾ ਸਕਦੀ ਹੈ।  

ਦਸ ਦਈਏ ਕਿ 14 ਅਪ੍ਰੈਲ ਨੂੰ ਭੀਮ ਰਾਉ ਅੰਬੇਦਕਰ ਦੀ ਜੈਯੰਤੀ ਬਾਰੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਹੈ ਕਿ ਜੈਯੰਤੀ ਸਬੰਧੀ ਕੱਢੇ ਗਏ ਜਲੂਸਾਂ 'ਚ ਹਿੰਸਾ ਭੜਕ ਸਕਦੀ ਹੈ ਅਤੇ ਪ੍ਰਦਰਸ਼ਨਕਾਰੀ ਪੁਲਿਸ 'ਤੇ ਵੀ ਹਾਵੀ ਹੋ ਸਕਦੇ ਹਨ। ਇਸ ਕਾਰਨ ਪੱਛਮੀ ਯੂਪੀ ਵਿਚ ਹਾਈ ਅਲਰਟ ਦਾ ਐਲਾਨ ਕਰ ਦਿਤਾ ਗਿਆ ਹੈ।