ਅਖਿਲੇਸ਼ ਤੇ ਮਾਇਆਵਤੀ ਇਕੱਠੇ ਹੋਣ ਤਾਂ 2019 ਵਿਚ ਬੀਜੇਪੀ ਦਾ ਸਫ਼ਾਇਆ : ਲਾਲੂ
ਆਰਜੇਡੀ ਦੇ ਸਥਾਪਨਾ ਦਿਵਸ ਮੌਕੇ ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਜਨਮ ਉਥਲ-ਪੁਥਲ 'ਚੋਂ ਹੋਇਆ ਹੈ। ਉਨ੍ਹਾਂ ਬੀਜੇਪੀ 'ਤੇ ਹਮਲਾ..
ਪਟਨਾ, 5 ਜੁਲਾਈ : ਆਰਜੇਡੀ ਦੇ ਸਥਾਪਨਾ ਦਿਵਸ ਮੌਕੇ ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਜਨਮ ਉਥਲ-ਪੁਥਲ 'ਚੋਂ ਹੋਇਆ ਹੈ। ਉਨ੍ਹਾਂ ਬੀਜੇਪੀ 'ਤੇ ਹਮਲਾ ਕਰਦਿਆਂ ਕਿਹਾ ਕਿ ਦੇਸ਼ ਖ਼ਤਰਨਾਕ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਇਥੇ ਅਣਐਲਾਨੀ ਐਮਰਜੈਂਸੀ ਜਿਹੇ ਹਾਲਾਤ ਹਨ।
ਲਾਲੂ ਨੇ ਕਿਹਾ ਕਿ ਗ਼ਲਤੀ ਨਾਲ ਹੀ ਮੋਦੀ ਸਰਕਾਰ ਸੱਤਾ ਵਿਚ ਆ ਗਈ। ਲਾਲੂ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਾਇਮੀ ਮਗਰੋਂ ਰੁਜ਼ਗਾਰ ਜ਼ੀਰੋ 'ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਰਾਮ ਅਤੇ ਰਹੀਮ ਦੇ ਨਾਮ 'ਤੇ ਦੇਸ਼ ਭਰ ਵਿਚ ਨਫ਼ਰਤ ਫੈਲਾਈ ਜਾ ਰਹੀ ਹੈ। ਇਥੋਂ ਤਕ ਕਿ ਜਾਨਵਰਾਂ ਦਾ ਮੇਲਾ ਲਗਣਾ ਵੀ ਬੰਦ ਹੋ ਗਿਆ ਹੈ। ਸਥਾਪਨਾ ਦਿਵਸ ਸਮਾਗਮ ਵਿਚ ਲਾਲੂ ਨੇ ਕਿਹਾ ਕਿ ਜੇ ਅਖਿਲੇਸ਼ ਅਤੇ ਮਾਇਆਵਤੀ ਇਕੱਠੇ ਹੋ ਜਾਣ ਤਾਂ 2019 ਵਿਚ ਬੀਜੇਪੀ ਦੀ ਗੇਮ ਓਵਰ ਕਰ ਦਿਆਂਗੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ 2019 ਤੋਂ ਪਹਿਲਾਂ ਅਜਿਹੀ ਸਥਿਤੀ ਬਣ ਜਾਵੇਗੀ ਕਿ ਦੋਵੇਂ ਇਕੱਠੇ ਹੋ ਜਾਣ।
ਸੀਬੀਆਈ ਜਾਂਚ ਬਾਰੇ ਲਾਲੂ ਨੇ ਕਿਹਾ ਕਿ ਅਜਕਲ ਕੋਰਟ ਬਹੁਤ ਜਾਣਾ ਪੈਂਦਾ ਹੈ ਪਰ ਨਿਆਪਾਲਿਕਾ 'ਤੇ ਪੂਰਾ ਭਰੋਸਾ ਹੈ। ਲਾਲੂ ਨੇ ਕਿਹਾ ਕਿ ਜ਼ਮੀਨ ਦੇ ਸਾਰੇ ਕਾਗ਼ਜ਼ ਸਾਡੇ ਕੋਲ ਹਨ। ਲਾਲੂ ਨੇ ਕਿਹਾ ਕਿ ਰਾਮਨਾਥ ਕੋਵਿੰਦ ਦਲਿਤ ਨਹੀਂ ਹੈ। ਉਹ ਕੋਲੀ ਜਾਤ ਦੇ ਹਨ ਜਿਹੜੀ ਗੁਜਰਾਤ ਵਿਚ ਓਬੀਸੀ ਸ਼੍ਰੇਣੀ ਵਿਚ ਹੈ। ਲਾਲੂ ਨੇ ਕਿਹਾ ਕਿ ਜੇ ਕਾਂਗਰਸ ਵੀ ਆਰਐਸਐਸ ਦੇ ਉਮੀਦਵਾਰ ਦਾ ਸਮਰਥਨ ਕਰਦੀ, ਤਦ ਵੀ ਅਸੀਂ ਉਸ ਦਾ ਸਮਰਥਨ ਨਹੀਂ ਕਰਦੇ ਕਿਉਂਕਿ ਅਸੀਂ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕਰ ਸਕਦੇ। (ਏਜੰਸੀ)