ਸਲਮਾਨ ਦੇ ਕੇਸ ਦੀ ਸੁਣਵਾਈ ਕਰ ਰਹੇ ਜੱਜ ਦਾ ਤਬਾਦਲਾ, ਜ਼ਮਾਨਤ 'ਤੇ ਬਣਿਆ ਸਸਪੈਂਸ
ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਪਾਉਣ ਵਾਲੇ ਸਲਮਾਨ ਖ਼ਾਨ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ।
ਨਵੀਂ ਦਿੱਲੀ : ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਪਾਉਣ ਵਾਲੇ ਸਲਮਾਨ ਖ਼ਾਨ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਸਲਮਾਨ ਦੀ ਜ਼ਮਾਨਤ ਅਰਜ਼ੀ 'ਤੇ ਦੋ ਦਿਨ ਤੋਂ ਸੁਣਵਾਈ ਟਲਦੀ ਆ ਰਹੀ ਹੈ। ਅੱਜ ਸ਼ਨਿਚਰਵਾਰ ਨੂੰ ਇਸ ਦੀ ਸੁਣਵਾਈ ਹੋਣੀ ਸੀ ਪਰ ਹੁਣ ਫਿਰ ਸਲਮਾਨ ਦੇ ਸਾਹਮਣੇ ਇਕ ਹੋਰ ਮੁਸ਼ਕਲ ਆ ਗਈ ਹੈ ਕਿ ਜਿਸ ਜੱਜ ਨੇ ਕੇਸ ਦੀ ਸੁਣਵਾਈ ਕਰਨੀ ਹੈ, ਉਨ੍ਹਾਂ ਦਾ ਅੱਧੀ ਰਾਤ ਨੂੰ ਤਬਾਦਲਾ ਕਰ ਦਿਤਾ ਗਿਆ ਹੈ।
ਰਾਜਸਥਾਨ ਦੇ 87 ਜੱਜਾਂ ਦਾ ਇਕੱਠਾ ਤਬਾਦਲਾ ਕੀਤਾ ਗਿਆ ਹੈ, ਜਿਸ ਵਿਚ ਸਲਮਾਨ ਕੇਸ ਦੀ ਸੁਣਵਾਈ ਕਰਨ ਵਾਲੇ ਜੱਜ ਰਵਿੰਦਰ ਕੁਮਾਰ ਜੋਸ਼ੀ ਦਾ ਨਾਮ ਵੀ ਸ਼ਾਮਲ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਚੰਦਰ ਕੁਮਾਰ ਸੋਨਗਰਾ ਕਰਨਗੇ। ਸਲਮਾਨ ਦੇ ਕੇਸ 'ਤੇ ਜੱਜ ਨੇ ਸ਼ੁੱਕਰਵਾਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਜਿਸ ਕਰ ਕੇ ਉਨ੍ਹਾਂ ਨੂੰ ਬੇਲ ਨਹੀਂ ਮਿਲ ਸਕੀ ਸੀ। ਜੱਜ ਦਾ ਕਹਿਣਾ ਸੀ ਕਿ ਮਾਮਲੇ ਨੂੰ ਵਿਸਥਾਰ ਨਾਲ ਪੜ੍ਹੇ ਬਿਨਾ ਫ਼ੈਸਲਾ ਨਹੀਂ ਸੁਣਾਇਆ ਜਾ ਸਕਦਾ, ਇਸ ਲਈ ਸ਼ੁੱਕਰਵਾਰ ਨੂੰ ਇਸ ਫ਼ੈਸਲੇ ਨੂੰ ਸੁਰੱਖਿਅਤ ਰਖਿਆ ਜਾਵੇਗਾ।
ਹੁਣ ਅਜਿਹੇ ਵਿਚ ਜੱਜ ਦਾ ਤਬਾਦਲਾ ਹੋਣਾ ਸਲਮਾਨ ਦੀ ਸੁਣਵਾਈ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ ਕਿਉਂਕਿ ਜੇਕਰ ਅੱਜ ਸਲਮਾਨ ਦੇ ਕੇਸ 'ਤੇ ਸੁਣਵਾਈ ਨਾ ਹੋਈ ਤਾਂ ਕੱਲ੍ਹ ਐਤਵਾਰ ਹੋਣ ਕਰ ਕੇ ਕੱਲ੍ਹ ਵੀ ਸੁਣਵਾਈ ਟਲ ਸਕਦੀ ਹੈ। ਇਸ ਤੋਂ ਬਾਅਦ ਸੋਮਵਾਰ ਨੂੰ ਹੀ ਉਨ੍ਹਾਂ ਦੇ ਕੇਸ 'ਤੇ ਸੁਣਵਾਈ ਹੋਵੇਗੀ।
ਦਸ ਦਈਏ ਕਿ 1998 ਵਿਚ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਜੋਧਪੁਰ ਅਦਾਲਤ ਨੇ ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਸਲਮਾਨ ਨੂੰ ਪੰਜ ਸਾਲ ਦੀ ਸਜ਼ਾ ਹੋਣ ਤੋਂ ਬਾਅਦ ਹੀ ਉਨ੍ਹਾਂ ਦੇ ਵਕੀਲ ਨੇ ਸੈਸ਼ਨ ਕੋਰਟ ਵਿਚ ਜ਼ਮਾਨਤ ਅਰਜ਼ੀ ਦਾਇਰ ਕਰ ਦਿਤੀ ਸੀ, ਜਿਸ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਈ ਪਰ ਜੱਜ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਅਤੇ ਸੁਣਵਾਈ ਨੂੰ ਸ਼ਨਿਚਰਵਾਰ ਤਕ ਲਈ ਟਾਲ ਦਿਤਾ ਸੀ।
ਇਸ ਦੇ ਚਲਦੇ ਹੁਣ ਫਿਰ ਸਲਮਾਨ ਖ਼ਾਨ ਦੇ ਕੇਸ ਵਿਚ ਸੈਸ਼ਨ ਕੋਰਟ ਵਿਚ ਸੁਣਵਾਈ ਹੋਣੀ ਹੈ। ਫਿ਼ਲਹਾਲ ਸਲਮਾਨ ਜੋਧਪੁਰ ਦੀ ਸੈਂਟਰਲ ਜੇਲ੍ਹ ਵਿਚ ਬੰਦ ਹੈ। ਜੇਲ੍ਹ ਵਿਚ ਸਲਮਾਨ ਖ਼ਾਨ ਨੂੰ ਬੈਰਕ ਨੰਬਰ 2 ਵਿਚ ਰਖਿਆ ਗਿਆ ਹੈ ਅਤੇ ਕੈਦੀ ਨੰਬਰ 106 ਦਿਤਾ ਗਿਆ ਹੈ।