ਭਾਜਪਾ ਆਗੂ ਨੇ ਦੇਵੀ-ਦੇਵਤਿਆਂ ਨੂੰ ਵੀ ਦਸਿਆ ਚੌਕੀਦਾਰ, ਵੀਡੀਉ ਫੈਲੀ
ਭਾਜਪਾ ਆਗੂ ਨੇ ਯੂਥ ਸੰਮੇਲਨ ਵਿਚ ਦੇਵੀ ਦੇਵਤਿਆਂ ਨੂੰ ਵੀ ਚੌਕੀਦਾਰ ਕਰਾਰ ਦਿੰਦਿਆਂ ਮੰਚ ਤੋਂ ਨਾਹਰੇ ਲਗਵਾਏ। ਇਸ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਕਾਫ਼ੀ ਚੱਲ ਰਹੀ ਹੈ
ਸ਼ਾਹਜਹਾਂਪੁਰ : ਭਾਜਪਾ ਆਗੂ ਨੇ ਯੂਥ ਸੰਮੇਲਨ ਵਿਚ ਦੇਵੀ ਦੇਵਤਿਆਂ ਨੂੰ ਵੀ ਚੌਕੀਦਾਰ ਕਰਾਰ ਦਿੰਦਿਆਂ ਮੰਚ ਤੋਂ ਨਾਹਰੇ ਲਗਵਾਏ। ਇਸ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਕਾਫ਼ੀ ਚੱਲ ਰਹੀ ਹੈ। ਘਟਨਾ ਯੂਪੀ ਦੇ ਜ਼ਿਲ੍ਹੇ ਸ਼ਾਹਜਹਾਂਪੁਰ ਦੇ ਜਲਾਲਾਬਾਦ ਦੀ ਹੈ। ਸੰਮੇਲਨ ਦੋ ਅਪ੍ਰੈਲ ਨੂੰ ਹੋਇਆ ਸੀ ਜਿਸ ਵਿਚ ਬ੍ਰਜ ਪ੍ਰਾਂਤ ਦੇ ਸਾਬਕਾ ਕਨਵੀਨਰ ਮਨੋਜ ਕਸ਼ਯਪ ਨੇ ਭਾਸ਼ਨ ਦੌਰਾਨ ਮੰਚ ਤੋਂ 'ਮੇਰਾ ਮੋਦੀ ਚੌਕੀਦਾਰ, ਮੇਰਾ ਕਿਸਾਨ ਚੌਕੀਦਾਰ, ਮੇਰਾ ਸ਼ੰਕਰ ਚੌਕੀਦਾਰ, ਮੇਰਾ ਰਾਮ ਚੌਕੀਦਾਰ ਅਤੇ ਮੇਰਾ ਹਨੂਮਾਨ ਚੌਕੀਦਾਰ' ਦੇ ਨਾਹਰੇ ਲਗਵਾਏ। ਕਸ਼ਯਪ ਨੂੰ ਸ਼ਾਹਜਹਾਂਪੁਰ ਲੋਕ ਸਭਾ ਸੀਟ ਤੋਂ ਸਟਾਰ ਪ੍ਰਚਾਰਕ ਵੀ ਬਣਾਇਆ ਗਿਆ ਹੈ।
ਸੰਮੇਲਨ ਵਿਚ ਮੁੱਖ ਮਹਿਮਾਨ ਵਜੋਂ ਸਿੰਜਾਈ ਮੰਤਰੀ ਧਰਮਪਾਲ ਸਿੰਘ ਅਤੇ ਭਾਜਪਾ ਉਮੀਦਵਾਰ ਅਰੁਣ ਸਾਗਰ ਸਮੇਤ ਹੋਰ ਆਗੂ ਪੁੱਜੇ ਹੋਏ ਸਨ ਜਿਹੜੇ ਵੀਡੀਉ ਵਿਚ ਵਿਖਾਈ ਦੇ ਰਹੇ ਹਨ। ਜ਼ਿਲ੍ਹੇ ਦੇ ਮੁੱਖ ਚੋਣ ਅਧਿਕਾਰੀ ਮਹਿੰਦਰ ਸਿੰਘ ਤੰਵਰ ਨੂੰ ਇਸ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਇਆ ਅਤੇ ਉਹ ਇਸ ਸਬੰਧ ਵਿਚ ਮੈਜਿਸਟਰੇਟ ਤੋਂ ਜਾਣਕਾਰੀ ਲੈ ਕੇ ਜਾਂਚ ਕਰਾਉਣਗੇ ਤੇ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੋਣ ਦਿਤੀ ਜਾਵੇਗੀ। (ਏਜੰਸੀ)