'ਚੌਕੀਦਾਰ' ਅਤਿਵਾਦੀਆਂ ਨਾਲ ਲੜ ਰਿਹੈ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੇ ਕਿਹਾ ਕਿ 'ਚੌਕੀਦਾਰ' ਨੇ ਪਾਕਿਸਤਾਨ ਵਿਚ ਅਤਿਵਾਦੀਆਂ ਦੀਆਂ ਪਨਾਹਗਾਹਾਂ 'ਤੇ ਹਮਲਾ ਕਰਨ ਦਾ ਜੇਰਾ ਕੀਤਾ ਜਦਕਿ ਕਾਂਗਰਸ ਹਥਿਆਰਬੰਦ ਬਲਾਂ ਦੀਆਂ ਸ਼ਕਤੀਆਂ

'Chowkidar' is fighting with extremists: Modi

ਨਵੀਂ ਦਿੱਲੀ :  ਪ੍ਰਧਾਨ ਮੰਤਰੀ ਨੇ ਕਿਹਾ ਕਿ 'ਚੌਕੀਦਾਰ' ਨੇ ਪਾਕਿਸਤਾਨ ਵਿਚ ਅਤਿਵਾਦੀਆਂ ਦੀਆਂ ਪਨਾਹਗਾਹਾਂ 'ਤੇ ਹਮਲਾ ਕਰਨ ਦਾ ਜੇਰਾ ਕੀਤਾ ਜਦਕਿ ਕਾਂਗਰਸ ਹਥਿਆਰਬੰਦ ਬਲਾਂ ਦੀਆਂ ਸ਼ਕਤੀਆਂ ਖ਼ਤਮ ਕਰਨਾ ਚਾਹੁੰਦੀ ਹੈ। ਦਰਅਸਲ, ਪ੍ਰਧਾਨ ਮੰਤਰੀ ਕਈ ਮੌਕਿਆਂ 'ਤੇ ਕਹਿ ਚੁਕੇ ਹਨ ਕਿ ਉਹ ਦੇਸ਼ ਦੇ ਚੌਕੀਦਾਰ ਹਨ ਅਤੇ ਦੇਸ਼ ਦੇ ਹਿਤਾਂ ਦੀ ਰਾਖੀ ਕਰਦੇ ਹਨ। ਉਨ੍ਹਾਂ ਹਥਿਆਰਬੰਦ ਬਲ ਕਾਨੂੰਨ ਯਾਨੀ ਅਫ਼ਸਪਾ ਦੀ ਸਮੀਖਿਆ ਕਰਨ ਦੀ ਕਾਂਗਰਸ ਦੀ ਯੋਜਨਾ ਦਾ ਜ਼ਿਕਰ ਕਰਦਿਆਂ ਉਕਤ ਗੱਲ ਕਹੀ। ਮੋਦੀ ਨੇ ਕਿਹਾ, 'ਪਹਿਲਾਂ ਵੀ ਸਰਕਾਰਾਂ ਰਹੀਆਂ ਹਨ ਪਰ ਉਹ ਕਦੇ ਸਰਜੀਕਲ ਹਮਲਾ ਕਰਨ ਬਾਰੇ ਨਹੀਂ ਸੋਚ ਸਕੀਆਂ।

ਉਨ੍ਹਾਂ ਅੰਦਰ ਜਹਾਜ਼ਾਂ ਰਾਹੀਂ ਸਰਹੱਦ ਪਾਰ ਕਰਨ ਅਤੇ ਅਤਿਵਾਦੀਆਂ ਨੂੰ ਮਾਰਨ ਦੀ ਹਿੰਮਤ ਨਹੀਂ ਸੀ।' ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਉਨ੍ਹਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਅਤਿਵਾਦੀਆਂ ਅਤੇ ਮਾਉਵਾਦੀਆਂ ਨੂੰ ਪਨਾਹ ਦਿਤੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਫ਼ੈਸਲਾ ਕਰਨਾ ਪਵੇਗਾ ਕਿ ਉਹ ਸਾਰਿਆਂ ਦੇ ਵਿਕਾਸ ਲਈ ਪ੍ਰਤੀਬੱਧ ਈਮਾਨਦਾਰ ਅਤੇ ਉੱਚ ਸਿਧਾਂਤਾਂ ਵਾਲੀ ਸਰਕਾਰ ਚੁਣਨਾ ਚਾਹੁੰਦੇ ਹਨ ਜਾਂ ਫਿਰ ਭ੍ਰਿਸ਼ਟ ਤੇ ਸਿਧਾਂਤਹੀਣ ਸਰਕਾਰ? ਪ੍ਰਧਾਨ ਮੰਤਰੀ ਨੇ ਕਿਹਾ, 'ਇਸ ਵਾਰ ਉੜੀਸਾ ਵਿਚ ਕਮਲ ਖਿੜੇਗਾ। ਭਾਜਪਾ ਜਿੱਤ ਹਾਸਲ ਕਰੇਗੀ। 

ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਰਾਜ ਵਿਚ ਵਾਧੂ ਗਿਣਤੀ ਵਿਚ ਕਮਲ ਖਿੜੇਗਾ।' ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਭਾਜਪਾ ਕੇਂਦਰ ਵਿਚ ਦੁਬਾਰਾ ਸੱਤਾ ਵਿਚ ਆਵੇਗੀ ਕਿਉਂਕਿ ਦੇਸ਼ ਨੂੰ ਰਾਸ਼ਟਰੀ ਸੁਰੱਖਿਆ ਦੇ ਨਾਲ-ਨਾਲ ਛੇਤੀ ਵਿਕਾਸ ਯਕੀਨੀ ਕਰਨ ਲਈ ਮਜ਼ਬੂਤ ਅਤੇ ਫ਼ੈਸਲਾਕੁਨ ਸਰਕਾਰ ਦੀ ਲੋੜ ਹੈ। ਉੜੀਸਾ ਦੀ ਬੀਜੇਡੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਰਾਦੇ ਚੰਗੇ ਨਹੀਂ ਹਨ ਅਤੇ 2019 ਦੀਆਂ ਚੋਣਾਂ ਦੇਸ਼ ਦੇ ਨਾਲ-ਨਾਲ ਉੜੀਸਾ ਦੇ ਭਵਿੱਖ ਲਈ ਵੀ ਅਹਿਮ ਹਨ।  (ਏਜੰਸੀ)