ਕਾਂਗਰਸੀ ਉਮੀਦਵਾਰ ਦੀ ਰੈਲੀ 'ਚ ਬਰਿਆਨੀ ਨੂੰ ਲੈ ਕੇ ਚੱਲੀਆਂ ਡਾਂਗਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਬਿਜਨੌਰ ਤੋਂ ਕਾਂਗਰਸੀ ਉਮੀਦਵਾਰ ਨਸੀਮੂਦੀਨ ਸਿੱਦੀਕੀ ਦੀ ਇਕ ਰੈਲੀ ਵਿਚ ਬਰਿਆਨੀ ਨੂੰ ਲੈ ਕੇ ਹੰਗਾਮਾ ਹੋ ਗਿਆ

Congress rally in up

ਉਤਰ ਪ੍ਰਦੇਸ਼: ਉਤਰ ਪ੍ਰਦੇਸ਼ ਦੇ ਬਿਜਨੌਰ ਤੋਂ ਕਾਂਗਰਸੀ ਉਮੀਦਵਾਰ ਨਸੀਮੂਦੀਨ ਸਿੱਦੀਕੀ ਦੀ ਇਕ ਰੈਲੀ ਵਿਚ ਬਰਿਆਨੀ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਰੈਲੀ ਵਿਚ ਆਏ ਲੋਕ ਬਰਿਆਨੀ ਲੈਣ ਲਈ ਆਪਸ ਵਿਚ ਹੀ ਭਿੜ ਪਏ। ਇਸ ਦੌਰਾਨ ਕੁੱਝ ਲੋਕਾਂ ਨੇ ਬਰਿਆਨੀ ਨਾ ਮਿਲਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਝਗੜਾ ਹੋ ਗਿਆ। ਕੁੱਝ ਲੋਕਾਂ ਨੇ ਇਕ ਨੌਜਵਾਨ ਦੀ ਲਾਠੀਆਂ ਨਾਲ ਮਾਰਕੁੱਟ ਕਰ ਦਿਤੀ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਦਰਅਸਲ ਸਾਬਕਾ ਬਸਪਾ ਨੇਤਾ ਅਤੇ ਹੁਣ ਕਾਂਗਰਸ ਦੀ ਟਿਕਟ 'ਤੇ ਬਿਜਨੌਰ ਤੋਂ ਚੋਣ ਲੜ ਰਹੇ ਨਸੀਮੂਦੀਨ ਸਿੱਦੀਕੀ ਮੁਜ਼ੱਫਰਨਗਰ ਨੇੜੇ ਕਕਰੌਲੀ ਥਾਣੇ ਦੇ ਪਿੰਡ ਟੰਡਹੇੜਾ ਵਿਚ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਪਿੰਡ ਵਿਚ ਕਾਂਗਰਸੀ ਨੇਤਾ ਮੌਲਾਨਾ ਜਮੀਲ ਅਹਿਮਦ ਦੇ ਘਰ ਲੋਕਾਂ ਦੇ ਖਾਣ ਲਈ ਬਰਿਆਨੀ ਦਾ ਇੰਤਜ਼ਾਮ ਕੀਤਾ ਗਿਆ ਸੀ, ਪਰ ਜਿਵੇਂ ਹੀ ਬਰਿਆਨੀ ਵੰਡਣੀ ਸ਼ੁਰੂ ਕੀਤੀ। ਲੋਕਾਂ ਦੀ ਭੀੜ ਬਰਿਆਨੀ 'ਤੇ ਟੁੱਟ ਕੇ ਪੈ ਗਈ ਅਤੇ ਇਸੇ ਦੌਰਾਨ ਝਗੜਾ ਹੋ ਗਿਆ।

ਉਤਰ ਪ੍ਰਦੇਸ਼ ਵਿਚ ਭਾਜਪਾ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਵੀ ਘਟਨਾ ਦਾ ਵੀਡੀਓ ਸ਼ੇਅਰ ਕੀਤਾ ਹੈ ਅਤੇ ਚੋਣ ਰੈਲੀ ਦੌਰਾਨ ਖਾਣਾ ਵੰਡੇ ਜਾਣ 'ਤੇ ਸਵਾਲ ਖੜ੍ਹੇ ਕੀਤੇ ਹਨ। ਦਰਅਸਲ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਹੁਣ ਚੋਣ ਰੈਲੀਆਂ ਵਿਚ ਖਾਣੇ ਦਾ ਪ੍ਰਬੰਧ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਇਸ ਨੂੰ ਦੇਖਦਿਆਂ ਸਥਾਨਕ ਪੁਲਿਸ ਨੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕਰ ਲਿਆ ਹੈ।