ਮਲੇਰੀਆ ਦਵਾਈ ਬਾਹਰ ਭੇਜਣ ਦਾ ਮਾਮਲਾ ਟਰੰਪ ਦੀ ਧਮਕੀ ਮਗਰੋਂ ਭਾਰਤ ਨੇ ਪੈਰ ਖਿੱਚੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਲੇਰੀਆ ਦਵਾਈ ਬਾਹਰ ਭੇਜਣ ਦਾ ਮਾਮਲਾ ਟਰੰਪ ਦੀ ਧਮਕੀ ਮਗਰੋਂ ਭਾਰਤ ਨੇ ਪੈਰ ਖਿੱਚੇ, ਨਿਰਯਾਤ ਪਾਬੰਦੀ ਵਿਚ ਢਿੱਲ ਦਿਤੀ

Hydroxychloroquine export

ਵਾਸ਼ਿੰਗਟਨ, 7 ਅਪ੍ਰੈਲ: ਭਾਰਤ ਨੇ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ ਹਾਈਡ੍ਰੋਕਸੀਕਲੋਰੋਕਵਾਈਨ ਨੂੰ ਬਾਹਰਲੇ ਮੁਲਕਾਂ ਵਿਚ ਭੇਜਣ 'ਤੇ ਲੱਗੀ ਰੋਕ ਨੂੰ ਟੁਟਵੇਂ ਰੂਪ ਵਿਚ ਹਟਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਅਮਰੀਕਾ ਅਤੇ ਹੋਰ ਕਈ ਮੁਲਕਾਂ ਨੂੰ ਇਸ ਦਵਾਈ ਦੀ ਸਪਲਾਈ ਦਾ ਰਾਹ ਸਾਫ਼ ਹੋ ਗਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਭਾਰਤ ਅਪਣੀਆਂ ਘਰੇਲੂ ਲੋੜਾਂ ਨੂੰ ਪੂਰਾ ਕਰਨ ਮਗਰੋਂ ਅਤੇ ਹਰ ਮਾਮਲੇ 'ਤੇ ਵਿਚਾਰ ਕਰਨ ਮਗਰੋਂ ਉਨ੍ਹਾਂ ਦੇਸ਼ਾਂ ਨੂੰ ਪੈਰਾਸੀਟਾਮੋਲ ਅਤੇ ਉਕਤ ਦਵਾਈ ਦਾ ਨਿਰਯਾਤ ਕਰੇਗਾ ਜਿਨ੍ਹਾਂ ਪਹਿਲਾਂ ਹੀ ਆਰਡਰ ਦਿਤੇ ਹੋਏ ਹਨ। ਸਮਝਿਆ ਜਾਂਦਾ ਹੈ ਕਿ ਮੋਦੀ ਅਤੇ ਟਰੰਪ ਦੀ ਟੈਲੀਫ਼ੋਨ 'ਤੇ ਗੱਲਬਾਤ ਮਗਰੋਂ ਭਾਰਤ ਅਤੇ ਅਮਰੀਕਾ ਦੇ ਉੱਚ ਅਧਿਕਾਰੀ ਐਚਸੀਕਿਊ ਦੀ ਅਮਰੀਕਾ ਨੂੰ ਸਪਲਾਈ ਬਾਰੇ ਸੰਪਰਕ ਵਿਚ ਸਨ ਅਤੇ ਇਸ ਕਵਾਇਦ ਦੇ ਨਤੀਜੇ ਵਜੋਂ ਨਿਰਯਾਤ ਪਾਬੰਦੀਆਂ ਵਿਚ ਢਿੱਲ ਦੇਣ ਦਾ ਫ਼ੈਸਲਾ ਹੋਇਆ ਹੈ।  

ਭਾਰਤ ਗੁਆਂਢੀ ਮੁਲਕਾਂ ਨੂੰ ਮਲੇਰੀਆ ਦੀ ਦਵਾਈ ਭੇਜੇਗਾ : ਵਿਦੇਸ਼ ਮੰਤਰਾਲਾ
 


ਭਾਰਤ ਨੇ ਹਰ ਮਾਮਲੇ ਦੇ ਹਿਸਾਬ ਨਾਲ ਗੁਆਂਢੀ ਮੁਲਕਾਂ ਸਣੇ ਹੋਰਾਂ ਨੂੰ ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕਵਾਈਨ ਦਾ ਨਿਰਯਾਤ ਕਰਨ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਦੇਸ਼ਾਂ ਦੀ ਮਦਦ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਮੁਤਾਬਕ ਇਹ ਫ਼ੈਸਲਾ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ, 'ਭਾਰਤ ਦਾ ਨਜ਼ਰੀਆ ਹਮੇਸ਼ਾ ਹੀ ਇਹ ਰਿਹਾ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਕਜੁਟਤਾ ਅਤੇ ਤਾਲਮੇਲ ਵਿਖਾਉਣਾ ਚਾਹੀਦਾ ਹੈ।' ਉਨ੍ਹਾਂ ਕਿਹਾ ਕਿ ਮਾਨਵੀ ਪੱਖਾਂ ਨੂੰ ਵੇਖਦਿਆਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਭਾਰਤ ਅਪਣੇ ਉਨ੍ਹਾਂ ਸਾਰੇ ਗੁਆਂਢੀ ਮੁਲਕਾਂ ਨੂੰ ਪੈਰਾਸੀਟਾਮੋਲ ਅਤੇ ਕਲੋਰੋਕਵਾਈਨ ਨੂੰ ਢੁਕਵੀਂ ਮਿਕਦਾਰ ਵਿਚ ਉਪਲਭਧ ਕਰਾਏਗਾ ਜਿਨ੍ਹਾਂ ਦੀ ਨਿਰਭਰਤਾ ਭਾਰਤ 'ਤੇ ਹੈ। ਭਾਰਤ ਨੂੰ ਇਸ ਦਵਾਈ ਦੀ ਸਪਲਾਈ ਵਾਸਤੇ ਸ੍ਰੀਲੰਕਾ ਅਤੇ ਨੇਪਾਲ ਤੋਂ ਇਲਾਵਾ ਹੋਰ ਕਈ ਮੁਲਕਾਂ ਦੇ ਆਰਡਰ ਮਿਲੇ ਸਨ।  (ਏਜੰਸੀ)

ਟਰੰਪ ਨੇ ਦਿਤੀ ਸੀ ਚੇਤਾਵਨੀ : ਭਾਰਤ ਨੇ ਮਲੇਰੀਆ ਦਵਾਈ ਨਾ ਭੇਜੀ ਤਾਂ ਜਵਾਬੀ ਕਾਰਵਾਈ ਕਰਾਂਗੇ

ਵਾਸ਼ਿੰਗਟਨ, 7 ਅਪ੍ਰੈਲ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ  ਕਲ ਚੇਤਾਵਨੀ ਦਿਤੀ ਸੀ ਕਿ ਜੇ ਭਾਰਤ ਨੇ ਉਸ ਦੀ ਨਿਜੀ ਬੇਨਤੀ ਦੇ ਬਾਵਜੂਦ ਮਲੇਰੀਆ ਦੇ ਇਲਾਜ ਵਿਚ ਕੰਮ ਆਉਣ ਵਾਲੀ ਦਵਾਈ ਹਾਈਡ੍ਰੋਕਸੀਕਲੋਰੋਕਵਾਈਨ ਦੇ ਨਿਰਯਾਤ ਦੀ ਆਗਿਆ ਨਾ ਦਿਤੀ ਤਾਂ ਉਸ ਵਿਰੁਧ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ। ਪਿਛਲੇ ਹਫ਼ਤੇ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਮਦਦ ਮੰਗੀ ਹੈ ਤਾਕਿ ਅਮਰੀਕਾ ਵਿਚ ਉਕਤ ਦਵਾਈ ਕੋਰੋਨਾ ਵਾਇਰਸ ਦੇ ਰੋਗੀਆਂ ਦੇ ਇਲਾਜ ਲਈ ਵਰਤੀ ਜਾ ਸਕੇ। ਇਸ ਤੋਂ ਕੁੱਝ ਘੰਟੇ ਪਹਿਲਾਂ ਹੀ ਭਾਰਤ ਨੇ ਮਲੇਰੀਆ ਦੀ ਇਸ ਦਵਾਈ ਨੂੰ ਬਾਹਰ ਭੇਜਣ 'ਤੇ ਰੋਕ ਲਾ ਦਿਤੀ ਸੀ। ਟਰੰਪ ਨੇ ਕਿਹਾ ਕਿ ਭਾਰਤ ਕਈ ਸਾਲਾਂ ਤੋਂ ਅਮਰੀਕੀ ਵਪਾਰ ਨਿਯਮਾਂ ਦਾ ਫ਼ਾਇਦਾ ਉਠਾ ਰਿਹਾ ਹੈ ਅਤੇ ਜੇ ਉਹ ਇਸ ਦਵਾਈ ਦਾ ਨਿਰਯਾਤ ਰੋਕਦਾ ਹੈ ਤਾਂ ਉਸ ਨੂੰ ਹੈਰਾਨੀ ਹੋਵੇਗੀ। ਉਨ੍ਹਾਂ ਕਿਹਾ, 'ਜੇ ਇਹ ਭਾਰਤ ਦਾ ਫ਼ੈਸਲਾ ਹੈ ਤਾਂ ਮੈਨੂੰ ਹੈਰਾਨੀ ਹੋਵੇਗੀ। ਭਾਰਤ ਨੂੰ ਇਸ ਬਾਬਤ ਮੈਨੂੰ ਦਸਣਾ ਪਵੇਗਾ। ਮੈਂ ਐਤਵਾਰ ਸਵੇਰੇ ਉਨ੍ਹਾਂ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਅਸੀਂ ਇਸ ਗੱਲ ਦੀ ਸ਼ਲਾਘਾ ਕਰਾਂਗੇ ਜੇ ਤੁਸੀਂ ਸਪਲਾਈ ਹੋਣ ਦੇਵੋਗੇ। ਜੇ ਉਹ ਇਸ ਦੀ ਆਗਿਆ ਨਹੀਂ ਦਿੰਦੇ ਤਾਂ ਕੋਈ ਗੱਲ ਨਹੀਂ ਪਰ ਜ਼ਾਹਰਾ ਤੌਰ 'ਤੇ ਇਸ ਦਾ ਜਵਾਬ ਦਿਤਾ ਜਾ ਸਕਦਾ ਹੈ। ਕਿਉਂ ਨਹੀਂ ਦਿਤਾ ਜਾਣਾ ਚਾਹੀਦਾ।' (ਏਜੰਸੀ)