ਨਵਜੋਤ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਅੱਜ ਮਹਿੰਗਾਈ ਖਿਲਾਫ਼ ਚੰਡੀਗੜ੍ਹ 'ਚ ਕਰੇਗੀ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵਜੋਤ ਸਿੱਧੂ ਦੀ ਅਗਵਾਈ ਹੇਠ ਸੂਬੇ ਭਰ ਤੋਂ ਕਾਂਗਰਸੀਆਂ ਦਾ ਹੋਵੇਗਾ ਇਕੱਠ

Navjot Singh Sidhu

 

ਚੰਡੀਗੜ੍ਹ: ਕਾਂਗਰਸ ਅੱਜ ਚੰਡੀਗੜ੍ਹ 'ਚ ਮਹਿੰਗਾਈ ਖਿਲਾਫ਼ ਪ੍ਰਦਰਸ਼ਨ ਕਰੇਗੀ। ਇਸ ਦੌਰਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਸੂਬੇ ਭਰ ਤੋਂ ਕਾਂਗਰਸੀਆਂ ਦਾ ਇਕੱਠ ਹੋਵੇਗਾ। ਇਹ ਪ੍ਰਦਰਸ਼ਨ ਕਾਂਗਰਸ ਭਵਨ ਵਿਖੇ ਕੀਤਾ ਜਾਵੇਗਾ। ਇਸ ਦੇ ਲਈ ਸਾਰੇ ਕਾਂਗਰਸੀਆਂ ਨੂੰ ਸਵੇਰੇ 11 ਵਜੇ ਚੰਡੀਗੜ੍ਹ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਜ਼ਿਲ੍ਹਾ ਪੱਧਰ ’ਤੇ ਪ੍ਰਦਰਸ਼ਨ ਕਰ ਰਹੀ ਸੀ।

 

 

ਇਸ ਪ੍ਰਦਰਸ਼ਨ ਵਿੱਚ ਸਭ ਤੋਂ ਅਹਿਮ ਕਾਰਕ ਕਾਂਗਰਸ ਦੀ ਧੜੇਬੰਦੀ ਹੋਵੇਗੀ। ਪਿਛਲੀ ਸਰਕਾਰ 'ਚ ਮੁੱਖ ਮੰਤਰੀ ਰਹੇ ਚਰਨਜੀਤ ਚੰਨੀ ਤੋਂ ਇਲਾਵਾ ਚੋਣਾਂ ਜਿੱਤਣ ਅਤੇ ਹਾਰਨ ਵਾਲੇ ਜ਼ਿਆਦਾਤਰ ਮੰਤਰੀਆਂ ਨੇ ਸਿੱਧੂ ਤੋਂ ਦੂਰੀ ਬਣਾ ਰੱਖੀ ਹੈ। ਅਜਿਹੇ 'ਚ ਉਹ ਪ੍ਰਦਰਸ਼ਨ 'ਚ ਸ਼ਾਮਲ ਹੁੰਦੇ ਹਨ ਜਾਂ ਨਹੀਂ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

 

 

ਪੰਜਾਬ ਵਿੱਚ ਇਸ ਸਮੇਂ ਕਾਂਗਰਸ ਨੂੰ ਸੂਬਾ ਪ੍ਰਧਾਨ ਦੀ ਉਡੀਕ ਹੈ। ਚੋਣ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਦਾ ਅਸਤੀਫਾ ਲੈ ਲਿਆ ਹੈ। ਇਸ ਦੇ ਬਾਵਜੂਦ ਸਿੱਧੂ ਪੂਰੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਹ ਪੰਜਾਬ ਦੇ ਲੁਧਿਆਣਾ, ਪਟਿਆਲਾ, ਕਪੂਰਥਲਾ ਦਾ ਦੌਰਾ ਕਰ ਚੁੱਕੇ ਹਨ ਅਤੇ ਸਮਰਥਕਾਂ ਨੂੰ ਮਿਲ ਰਹੇ ਹਨ। ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਬਹਿਬਲ ਕਲਾਂ ਵੀ ਪ੍ਰਦਰਸ਼ਨ ਵਿਚ ਜਾ ਚੁੱਕੇ ਹਨ। ਉਨ੍ਹਾਂ ਦੇ ਸਮਰਥਕਾਂ ਦਾ ਤਰਕ ਹੈ ਕਿ ਸਿੱਧੂ ਦਾ ਅਸਤੀਫਾ ਅਜੇ ਤੱਕ ਹਾਈਕਮਾਂਡ ਨੇ ਪ੍ਰਵਾਨ ਨਹੀਂ ਕੀਤਾ, ਇਸ ਲਈ ਉਹ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।