ਪੰਜਾਬ ਦੇ ਸਾਬਕਾ CM ਚਰਨਜੀਤ ਚੰਨੀ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਪੰਜਾਬ ਕਾਂਗਰਸ 'ਚ ਪਏ ਕਾਟੋ-ਕਲੇਸ਼ 'ਤੇ ਕੀਤੀ ਵਿਚਾਰ-ਚਰਚਾ
ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਪੁੱਜੇ। ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਚਰਨਜੀਤ ਚੰਨੀ ਦੀ ਰਾਹੁਲ ਗਾਂਧੀ ਨਾਲ ਇਹ ਪਹਿਲੀ ਮੁਲਾਕਾਤ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਦੌਰਾਨ ਪੰਜਾਬ ਕਾਂਗਰਸ 'ਚ ਪਏ ਕਾਟੋ-ਕਲੇਸ਼ 'ਤੇ ਵਿਚਾਰ-ਚਰਚਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ 'ਚ ਕਾਂਗਰਸ ਦੀ ਪ੍ਰਧਾਨਗੀ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਹੈ।
ਮੀਟਿੰਗ ਤੋਂ ਬਾਅਦ ਚੰਨੀ ਨੇ ਕਾਂਗਰਸੀ ਆਗੂ ਸੁਨੀਲ ਜਾਖੜ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਜਾਖੜ ਲੰਬੇ ਸਮੇਂ ਤੋਂ ਮੇਰੇ ਖਿਲਾਫ਼ ਬੋਲ ਰਹੇ ਹਨ, ਮੈਂ ਉਨ੍ਹਾਂ ਖਿਲਾਫ਼ ਕਦੇ ਕੁਝ ਨਹੀਂ ਬੋਲਿਆ। ਉਹ ਸਾਡਾ ਲੀਡਰ ਹੈ, ਪਰ ਉਸ ਨੇ ਮੇਰੇ ਸਮਾਜ ਨੂੰ ਜੁੱਤੀਆਂ 'ਤੇ ਬਿਠਾ ਦੇਣ ਦੀ ਗੱਲ ਕੀਤੀ, ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ। ਇਸ ਦੇ ਨਾਲ ਹੀ ਉਨ੍ਹਾਂ ਜਾਖੜ 'ਤੇ ਦੋਸ਼ ਲਾਇਆ ਕਿ ਉਹ ਕਾਂਗਰਸ ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਚੰਨੀ ਨੇ ਅੱਗੇ ਕਿਹਾ ਕਿ ਮੈਂ ਕਿਸੇ ਅਹੁਦੇ ਦਾ ਉਮੀਦਵਾਰ ਨਹੀਂ ਹਾਂ। ਮੈਂ ਸਿਰਫ ਪਾਰਟੀ ਦੀ ਸੇਵਾ ਕਰਨਾ ਚਾਹੁੰਦਾ ਹਾਂ। ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸਨ, ਬਦਲਾਅ ਆ ਗਿਆ ਹੈ। ਦੱਸ ਦੇਈਏ ਕਿ ਚੰਨੀ ਬਾਰੇ ਸੁਨੀਲ ਜਾਖੜ ਦੇ ਬਿਆਨ ਨੇ ਪਾਰਟੀ ਵਿੱਚ ਹੰਗਾਮਾ ਮਚਾ ਦਿੱਤਾ ਹੈ। ਦਰਅਸਲ, ਜਾਖੜ ਨੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਦਿੱਲੀ ਦੇ ਕੁਝ ਆਗੂ ਹਾਈਕਮਾਂਡ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 25-30 ਸਾਲ ਰਾਜ ਸਭਾ ਵਿੱਚ ਗਏ ਆਗੂਆਂ ਦੀ ਕੋਈ ਜ਼ਮੀਨੀ ਹੋਂਦ ਨਹੀਂ ਹੈ। ਕੁਝ ਆਗੂ ਅਜਿਹੇ ਵੀ ਹਨ ਜੋ ਖ਼ੁਦ ਕਹਿੰਦੇ ਹਨ ਕਿ ਉਨ੍ਹਾਂ ਦਾ ਝੋਲਾ ਛੋਟਾ ਸੀ, ਪਰ ਹਾਈਕਮਾਂਡ ਨੇ ਉਸ ਤੋਂ ਵੱਧ ਦਿੱਤਾ।