ਰਾਜੇਂਦਰ ਰਾਣਾ ਨੇ ਵੀ ਹਿਮਾਚਲ ਦੇ ਮੁੱਖ ਮੰਤਰੀ ਨੂੰ ਭੇਜਿਆ ਮਾਨਹਾਨੀ ਦਾ ਨੋਟਿਸ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਮੁੱਖ ਮੰਤਰੀ ਬੁਰੀ ਭਾਵਨਾ ਨਾਲ ਬੇਬੁਨਿਆਦ, ਝੂਠੇ, ਮਨਘੜਤ, ਬਦਨਾਮ ਕਰਨ ਵਾਲੇ ਭਾਸ਼ਣ ਦੇ ਰਹੇ ਹਨ

Rajender Rana and Sukhwinder Sukhu

ਸ਼ਿਮਲਾ: ਕਾਂਗਰਸ ਦੇ ਸਾਬਕਾ ਵਿਧਾਇਕ ਸੁਧੀਰ ਸ਼ਰਮਾ ਵਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਮਾਨਹਾਨੀ ਦਾ ਨੋਟਿਸ ਭੇਜੇ ਜਾਣ ਤੋਂ ਦੋ ਦਿਨ ਬਾਅਦ ਇਕ ਹੋਰ ਬਾਗੀ ਵਿਧਾਇਕ ਰਾਜਿੰਦਰ ਰਾਣਾ ਨੇ ਵੀ ਐਤਵਾਰ ਨੂੰ ਉਨ੍ਹਾਂ ਨੂੰ ਅਜਿਹਾ ਹੀ ਨੋਟਿਸ ਭੇਜਿਆ ਹੈ।

ਮੁੱਖ ਮੰਤਰੀ ਨੇ ਕਿਹਾ ਸੀ ਕਿ 27 ਫ਼ਰਵਰੀ ਨੂੰ ਹੋਈਆਂ ਰਾਜ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਹਰਸ਼ ਮਹਾਜਨ ਨੂੰ ਵੋਟ ਦੇਣ ਵਾਲੇ ਕਾਂਗਰਸ ਦੇ ਛੇ ਬਾਗ਼ੀ ਵਿਧਾਇਕਾਂ ਅਤੇ ਤਿੰਨ ਆਜ਼ਾਦ ਵਿਧਾਇਕਾਂ ਸਮੇਤ 9 ਵਿਧਾਇਕਾਂ ਨੇ ‘ਅਪਣੀ ਆਤਮਾ ਵੇਚ ਦਿਤੀ’ ਅਤੇ ਅਪਣੇ ਭਾਸ਼ਣਾਂ ’ਚ ਕਾਂਗਰਸੀ ਵਿਧਾਇਕਾਂ ਦੀ ਤੁਲਨਾ ‘ਕਾਲੇ ਨਾਗਾਂ’ ਨਾਲ ਕੀਤੀ। ਸੁੱਖੂ ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਇਕ ਰੈਲੀ ’ਚ ਦੋਸ਼ ਲਾਇਆ ਸੀ ਕਿ ਕਾਂਗਰਸ ਦੇ ਬਾਗ਼ੀ ਵਿਧਾਇਕ ‘ਭ੍ਰਿਸ਼ਟ’ ਹਨ ਅਤੇ ਜੇਲ੍ਹ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਛੇ ਬਾਗ਼ੀ ਅਤੇ ਤਿੰਨ ਆਜ਼ਾਦ ਵਿਧਾਇਕਾਂ ਨੂੰ 15-15 ਕਰੋੜ ਰੁਪਏ ’ਚ ‘ਵਿਕ’ ਗਏ।

ਰਾਣਾ ਨੇ ਇਹ ਵੀ ਦਾਅਵਾ ਕੀਤਾ ਕਿ ਮੁੱਖ ਮੰਤਰੀ ਸੁੱਖੂ ਚੰਡੀਗੜ੍ਹ ’ਚ ਅਪਣੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਦਿਆਂ ਹਿਮਾਚਲ ਭਵਨ ਵਿਖੇ ਮੁੱਖ ਮੰਤਰੀ ਦੇ ਕਮਰੇ ’ਚ ਰਹਿਣ ਦੀ ਬਜਾਏ ਰਾਤ ਨੂੰ ਪੰਜ ਸਿਤਾਰਾ ਹੋਟਲ ’ਚ ਰਹਿੰਦੇ ਹਨ। ਇੱਥੇ ਜਾਰੀ ਇਕ ਬਿਆਨ ਵਿਚ ਉਨ੍ਹਾਂ ਪੁਛਿਆ ਕਿ ਮੁੱਖ ਮੰਤਰੀ ਨੂੰ ਕੌਣ ਮਿਲਦਾ ਹੈ ਅਤੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਕਿਸ ਤਰ੍ਹਾਂ ਦਾ ਸੌਦਾ ਕੀਤਾ ਜਾਂਦਾ ਹੈ।

ਤਿੰਨ ਵਾਰ ਵਿਧਾਇਕ ਰਹੇ ਅਤੇ ਸੁਜਾਨਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਾਣਾ ਵਲੋਂ ਭੇਜੇ ਗਏ ਨੋਟਿਸ ’ਚ ਕਿਹਾ ਗਿਆ ਹੈ ਕਿ ਪਿਛਲੇ ਕੁੱਝ ਹਫਤਿਆਂ ਤੋਂ ਮੁੱਖ ਮੰਤਰੀ ਸੁੱਖੂ ਰਾਣਾ ਦੇ ਕਿਰਦਾਰ ਨੂੰ ‘ਵਿਕਾਊ ਨੇਤਾ’ ਵਜੋਂ ਪੇਸ਼ ਕਰ ਰਹੇ ਹਨ, ਜਿਸ ਨੂੰ ਭਾਜਪਾ ਨੇ ਖਰੀਦਿਆ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੇ ਬੁਰੀ ਭਾਵਨਾ ਨਾਲ, ਬੇਬੁਨਿਆਦ, ਝੂਠੇ, ਮਨਘੜਤ, ਬਦਨਾਮ ਕਰਨ ਵਾਲੇ ਅਤੇ ਪ੍ਰੇਰਿਤ ਭਾਸ਼ਣ ਅਤੇ ਬਿਆਨਾਂ ਨੇ ਰਾਣਾ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਕਈ ਸਾਲਾਂ ਤੋਂ ਬਣੇ ਉਨ੍ਹਾਂ ਦੇ ਜਨਤਕ ਅਕਸ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ।