ਨਮਾਜ਼ ਅਦਾ ਕਰਨ ਸਬੰਧੀ ਵਿਵਾਦ 'ਤੇ ਬੋਲੀ ਭਾਜਪਾ
ਖੁੱਲ੍ਹੀ ਜਗ੍ਹਾ 'ਤੇ ਨਮਾਜ਼ ਅਦਾ ਕਰਨ ਦੇ ਵਿਸ਼ੇ 'ਤੇ ਉਠੇ ਵਿਵਾਦ ਵਿਚਕਾਰ ਭਾਰਤੀ ਜਨਤਾ ਪਾਰਟੀ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਮੋਦੀ ਸਰਕਾਰ ...
'ਸਬਕਾ ਸਾਥ ਸਬਕਾ ਵਿਕਾਸ' 'ਤੇ ਚੱਲ ਰਹੀ ਭਾਜਪਾ, ਬੇਵਜ੍ਹਾ ਬਿਖੇੜਾ ਖੜ੍ਹਾ ਕਰਨਾ ਗ਼ਲਤ'--- ਸ਼ਾਹਨਵਾਜ਼ ਹੁਸੈਨ ਨੇ ਕੀਤਾ ਖੱਟਰ ਦਾ ਬਚਾਅ
ਨਵੀਂ ਦਿੱਲੀ: ਖੁੱਲ੍ਹੀ ਜਗ੍ਹਾ 'ਤੇ ਨਮਾਜ਼ ਅਦਾ ਕਰਨ ਦੇ ਵਿਸ਼ੇ 'ਤੇ ਉਠੇ ਵਿਵਾਦ ਵਿਚਕਾਰ ਭਾਰਤੀ ਜਨਤਾ ਪਾਰਟੀ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਮੋਦੀ ਸਰਕਾਰ 'ਸਬਕਾ ਸਾਥ ਸਬਕਾ ਵਿਕਾਸ' ਅਤੇ ਸਰਬ ਧਰਮ ਸੁਭਾਅ ਦੀ ਭਾਵਨਾ ਦੇ ਆਧਾਰ 'ਤੇ ਕੰਮ ਕਰਦੀ ਹੈ ਅਤੇ ਅਜਿਹੀ ਕੋਈ ਗੱਲ ਨਹੀਂ ਕੀਤੀ ਜਾਣੀ ਚਾਹੀਦੀ, ਜਿਸ ਨਾਲ ਸਮਾਜ ਵਿਚ ਬਿਖੇੜਾ ਖੜ੍ਹਾ ਹੋਵੇ ਅਤੇ ਟਕਰਾਅ ਪੈਦਾ ਹੋਵੇ।
ਭਾਜਪਾ ਦੇ ਸੀਨੀਅਰ ਬੁਲਾਰੇ ਸੱਯਦ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਨਮਾਜ਼ ਪੜ੍ਹਨ ਤੋਂ ਕੋਈ ਕਿਸੇ ਨੂੰ ਨਹੀਂ ਰੋਕ ਰਿਹਾ ਹੈ ਅਤੇ ਜੇਕਰ ਕਿਸੇ ਜਨਤਕ ਥਾਂ ਜਾਂ ਸੜਕ 'ਤੇ ਕੋਈ ਧਾਰਮਕ ਪ੍ਰੋਗਰਾਮ ਹੁੰਦਾ ਹੈ ਤਾਂ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਬਾਅਦ ਵਿਚ ਸਪੱਸ਼ਟ ਵੀ ਕਰ ਦਿਤਾ ਹੈ।
ਹੁਸੈਨ ਨੇ ਕਿਹਾ ਕਿ ਸਾਡੀ ਸਰਕਾਰ ਸਾਰਿਆਂ ਨੂੰ ਬਰਾਬਰ ਨਿਗ੍ਹਾ ਨਾਲ ਦੇਖਦੀ ਹੈ, ਵੱਖਰੇ-ਵੱਖਰੇ ਚਸ਼ਮੇ ਨਾਲ ਨਹੀਂ ਦੇਖਦੀ। ਉਨ੍ਹਾਂ ਕਿਹਾ ਕਿ ਜੇਕਰ ਜਨਤਕ ਸਥਾਨ 'ਤੇ ਰਾਮਲੀਲਾ ਜਾਂ ਦੁਸਹਿਰਾ ਦਾ ਸਮਾਗਮ ਕੀਤਾ ਜਾਂਦਾ ਹੈ ਤਾਂ ਵੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ। ਸਮਾਜ ਵਿਚ ਸੁਹਿਰਦਤਾ ਬਣਾਏ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਅਜਿਹੀ ਕੋਈ ਗੱਲ ਨਹੀਂ ਹੋਣੀ ਚਾਹੀਦੀ, ਜਿਸ ਨਾਲ ਟਕਰਾਅ ਪੈਦਾ ਹੋਵੇ। ਭਾਜਪਾ ਬੁਲਾਰੇ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਦੇ ਵੀ ਮਸਜਿਦ ਬਣਾਉਣ 'ਤੇ ਕੋਈ ਪਾਬੰਦੀ ਨਹੀਂ ਲਗਾਈ ਅਤੇ ਉਹ ਸਰਵ ਧਰਮ ਅਤੇ ਸਬਕਾ ਸਾਥ ਸਬਕਾ ਵਿਕਾਸ ਦੀ ਭਾਵਨਾ ਨਾਲ ਕੰਮ ਕਰਦੀ ਹੈ। ਇਸ ਵਿਸ਼ੇ 'ਤੇ ਪਾਜਪਾ ਸਰਕਾਰ ਵਿਰੁਧ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ।
ਘੱਟ ਗਿਣਤੀ ਕਾਰਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ ਕਿਸੇ ਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ, ਜਿਸ ਨਾਲ ਸਮਾਜ ਵਿਚ ਬਿਖੇੜਾ ਅਤੇ ਟਕਰਾਅ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਨਮਾਜ਼ ਪੜ੍ਹਨ ਵਾਲਿਆਂ ਨੂੰ ਵੀ ਇਹ ਗੱਲ ਪਤਾ ਹੈ ਕਿ ਕਬਜ਼ਾ ਕਰ ਕੇ ਕਿਸੇ ਵੀ ਸਥਾਨ 'ਤੇ ਨਮਾਜ਼ ਅਦਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਿੱਥੋਂ ਤਕ ਨਮਾਜ਼ ਦੀ ਗੱਲ ਹੈ ਤਾਂ ਇਹ ਈਸ਼ਵਰ ਦੀ ਭਗਤੀ ਹੈ, ਇਸ ਲਈ ਨਮਾਜ਼ ਨੂੰ ਲੈ ਕੇ ਝਗੜਾ ਕਰਨਾ ਬਿਲਕੁਲ ਠੀਕ ਨਹੀਂ ਹੈ।
ਦਸ ਦਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਕਿਹਾ ਸੀ ਕਿ ਨਮਾਜ਼ ਮਸਜਿਦ ਜਾਂ ਈਦਗਾਹ ਵਿਚ ਹੀ ਅਦਾ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਜਨਤਕ ਸਥਾਨਾਂ 'ਤੇ। ਇਸ 'ਤੇ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਉਨ੍ਹਾਂ ਬਾਅਦ ਵਿਚ ਕਿਹਾ ਸੀ ਕਿ ਜੇਕਰ ਕੋਈ ਨਮਾਜ਼ ਪੜ੍ਹਨ ਵਿਚ ਰੁਕਾਵਟ ਪਹੁੰਚਾਉਂਦਾ ਹੈ ਤਾਂ ਪ੍ਰਸ਼ਾਸਨ ਉਸ ਵਿਰੁਧ ਕਾਰਵਾਈ ਕਰੇਗਾ।