ਕਾਲਾ ਹਿਰਨ ਸ਼ਿਕਾਰ ਮਾਮਲਾ : ਸਜ਼ਾ ਵਿਰੁਧ ਸਲਮਾਨ ਦੀ ਅਰਜ਼ੀ 'ਤੇ ਹੁਣ 17 ਜੁਲਾਈ ਨੂੰ ਹੋਵੇਗੀ ਸੁਣਵਾਈ
ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਦੋਸ਼ੀ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੀ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਦਾਇਰ ਪਟੀਸ਼ਨ ...
ਜੋਧਪੁਰ: ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਦੋਸ਼ੀ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੀ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਦਾਇਰ ਪਟੀਸ਼ਨ 'ਤੇ ਸੈਸ਼ਨ ਅਦਾਲਤ ਨੇ ਸੋਮਵਾਰ ਨੂੰਅਗਲੀ ਸੁਣਵਾਈ 17 ਜੁਲਾਈ ਤਕ ਲਈ ਟਾਲ ਦਿਤੀ। ਅਪਣੀ ਪਟੀਸ਼ਨ ਦੀ ਸੁਣਵਾਈ ਦੇ ਸਿਲਸਿਲੇ ਵਿਚ ਸਲਮਾਨ ਖ਼ਾਨ ਰਾਤ ਨੂੰ ਹੀ ਜੋਧਪੁਰ ਪਹੁੰਚ ਗਏ ਸਨ। ਸਲਮਾਨ ਦੇ ਨਾਲ ਉਨ੍ਹਾਂ ਦੀ ਭੈਣ ਅਲਵੀਰਾ, ਅੰਗ ਰੱਖਿਅਕ ਸ਼ੇਰਾ ਅਤੇ ਕੁੱਝ ਹੋਰ ਲੋਕ ਮੌਜੂਦ ਸਨ।
ਦਸ ਦਈਏ ਕਿ ਜੋਧਪੁਰ ਦੀ ਅਦਾਲਤ ਨੇ ਸਲਮਾਨ ਖ਼ਾਨ ਨੂੰ ਕਾਲਾ ਹਿਰਨ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਜ਼ਿਕਰਯੋਗ ਹੈ ਕਿ ਪੰਜ ਅਪ੍ਰੈਲ ਨੂੰ ਮੁੱਖ ਨਿਆਂਇਕ ਮੈਜਿਸਟ੍ਰੇਟ ਜੋਧਪੁਰ ਜ਼ਿਲ੍ਹਾ ਦੇ ਜੱਜ ਦੇਵ ਕੁਮਾਰ ਖੱਤਰੀ ਨੇ ਕਰੀਬ ਦੋ ਦਹਾਕੇ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਫਿ਼ਲਮ ਅਦਾਕਾਰ ਸਲਮਾਨ ਖ਼ਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ ਸੀ।
ਇਸ ਦੇ ਨਾਲ ਹੀ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ। ਉਥੇ ਇਸ ਮਾਮਲੇ ਵਿਚ ਸਹਿ ਦੋਸ਼ੀ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਅਦਕਾਰਾ ਨੀਲਮ, ਸੋਨਾਲੀ ਅਤੇ ਤੱਬੂ ਨੂੰ ਸ਼ੱਕ ਦੇ ਆਧਾਰ 'ਤੇ ਬਰੀ ਕਰ ਦਿਤਾ ਗਿਆ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਸਲਮਾਨ ਖ਼ਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਉਸ ਤੋਂ ਬਾਅਦ ਉਹ 7 ਅਪ੍ਰੈਲ ਤਕ ਜੇਲ੍ਹ ਵਿਚ ਰਹੇ। 7 ਅਪ੍ਰੈਲ ਨੂੰ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸਲਮਾਨ ਖ਼ਾਨ ਵਿਰੁਧ ਸੁਣਾਈ ਗਈ ਹੇਠਲੀ ਅਦਾਲਤ ਦੀ ਸਜ਼ਾ 'ਤੇ ਰੋਕ ਲਗਾਉਂਦੇ ਹੋਏ ਸ਼ਰਤਾਂ ਸਮੇਤ ਜ਼ਮਾਨਤ ਦੇ ਦਿਤੀ ਸੀ।
ਜ਼ਮਾਨਤ ਮਿਲਣ ਤੋਂ ਬਾਅਦ ਸਲਮਾਨ ਖ਼ਾਨ ਨੂੰ ਜੋਧਪੁਰ ਦੀ ਸੈਂਟਰਲ ਜੇਲ੍ਹ ਤੋਂ ਰਿਹਾਅ ਕਰ ਦਿਤਾ ਗਿਆ ਸੀ। ਸੈਸ਼ਨ ਜੱਜ ਰਵਿੰਦਰ ਕੁਮਾਰ ਜੋਸ਼ੀ ਨੇ ਸਲਮਾਨ ਨੂੰ 25-25 ਹਜ਼ਾਰ ਦੇ ਦੋ ਮੁਚਲਿਆਂ 'ਤੇ ਜ਼ਮਾਨਤ ਦਿਤੀ। ਨਾਲ ਹੀ ਫਿ਼ਲਮ ਅਦਾਕਾਰ ਨੂੰ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਵਿਦੇਸ਼ ਜਾਣ 'ਤੇ ਪਾਬੰਦੀ ਲਗਾ ਦਿਤੀ ਸੀ। ਪਿਛਲੇ ਦਿਨੀਂ ਸਲਮਾਨ ਅਦਾਲਤ ਤੋਂ ਇਜਾਜ਼ਤ ਲੈ ਕੇ ਹੀ ਵਿਦੇਸ਼ ਗਏ ਸਨ। ਸੈਸ਼ਨ ਜੱਜ ਨੇ ਇਸ ਮਾਮਲੇ ਵਿਚ 7 ਮਈ ਦੀ ਤਰੀਕ ਸੁਣਵਾਈ ਲਈ ਮੁਕੱਰਰ ਕੀਤੀ ਸੀ।