ਸੁਪਰੀਮ ਕੋਰਟ ਨੇ ਕਠੂਆ ਸਮੂਹਕ ਬਲਾਤਕਾਰ ਮਾਮਲਾ ਪਠਾਨਕੋਟ ਕੀਤਾ ਤਬਦੀਲ
ਸੁਪਰੀਮ ਕੋਰਟ ਨੇ ਕਠੂਆ ਸਮੂਹਕ ਬਲਾਤਕਾਰ ਮਾਮਲੇ ਦੀ ਸੁਣਵਾਈ ਨੂੰ ਪੰਜਾਬ ਤਬਦੀਲ ਕਰ ਦਿਤਾ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਪੰਜਾਬ ...
-ਸੀਬੀਆਈ ਜਾਂਚ ਦੀ ਮੰਗ ਕੀਤੀ ਖ਼ਾਰਜ - - ਰੋਜ਼ਾਨਾ ਹੋਵੇਗੀ ਮਾਮਲੇ ਦੀ ਸੁਣਵਾਈ- - 9 ਮਈ ਨੂੰ ਹੋਵੇਗੀ ਅਗਲੀ ਸੁਣਵਾਈ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਠੂਆ ਸਮੂਹਕ ਬਲਾਤਕਾਰ ਮਾਮਲੇ ਦੀ ਸੁਣਵਾਈ ਨੂੰ ਪੰਜਾਬ ਤਬਦੀਲ ਕਰ ਦਿਤਾ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਪੰਜਾਬ ਦੇ ਪਠਾਨਕੋਟ ਵਿਚ ਹੋਵੇਗੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਠੁਕਰਾ ਦਿਤੀ ਹੈ। ਅਦਾਲਤ ਨੇ ਫ਼ੈਸਲੇ ਦਿੰਦੇ ਹੋਏ ਕਿਹਾ ਕਿ ਮਾਮਲੇ ਦੀ ਸੁਣਵਾਈ ਰੋਜ਼ਾਨਾ ਹੋਵੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 9 ਜੁਲਾਈ ਨੂੰ ਹੋਵੇਗੀ।
ਦਸ ਦਈਏ ਕਿ ਜੰਮੂ ਦੇ ਕਠੂਆ ਵਿਚ ਇਕ ਨਾਬਾਲਗ਼ ਲੜਕੀ ਨਾਲ ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿਚ ਕਾਫ਼ੀ ਬਵਾਲ ਮਚਿਆ ਸੀ। ਇੱਥੋਂ ਤਕ ਕੌਮਾਂਤਰੀ ਮੀਡੀਆ ਤਕ ਵਿਚ ਇਸ ਦੀ ਆਲੋਚਨਾ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਹਾਲਾਂਕਿ ਕਠੂਆ ਸਮੂਹਕ ਬਲਾਤਕਾਰ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਬੇਨਤੀ ਨਾਲ ਜੁੜੀਆਂ ਅਰਜ਼ੀਆਂ ਨੂੰ ਖ਼ਾਰਜ ਕਰ ਦਿਤਾ।
ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਸੁਣਵਾਈ ਤੋਂ ਬਾਅਦ ਇਹ ਫ਼ੈਸਲਾ ਦਿਤਾ। ਜ਼ਿਕਰਯੋਗ ਹੈ ਕਿ ਘੁਮੰਤੂ ਘੱਟ ਗਿਣਤੀ ਸਮਾਜ ਦੀ 8 ਸਾਲਾ ਬੱਚੀ 10 ਜਨਵਰੀ ਨੂੰ ਜੰਮੂ ਖੇਤਰ ਵਿਚ ਕਠੂਆ ਨੇੜੇ ਪਿੰਡ ਵਿਚ ਅਪਣੇ ਘਰ ਦੇ ਬਾਹਰੋਂ ਲਾਪਤਾ ਹੋ ਗਈ ਸੀ। ਇਕ ਹਫ਼ਤੇ ਬਾਅਦ ਉਸੇ ਇਲਾਕੇ ਵਿਚੋਂ ਬੱਚੀ ਦੀ ਲਾਸ਼ ਮਿਲੀ ਸੀ।
ਅਦਾਲਤ ਨੇ ਪਿਛਲੀ ਸੁਣਵਾਈ ਵਿਚ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਸਾਡੀ ਅਸਲ ਚਿੰਤਾ ਮਾਮਲੇ ਦੀ ਨਿਰਪੱਖ ਸੁਣਵਾਈ ਨੂੰ ਲੈ ਕੇ ਹੈ ਅਤੇ ਜੇਕਰ ਇਸ ਵਿਚ ਜ਼ਰ੍ਹਾ ਜਿਹੀ ਵੀ ਕਮੀ ਪਾਈ ਗਈ ਤਾਂ ਇਸ ਮਾਮਲੇ ਨੂੰ ਜੰਮੂ-ਕਸ਼ਮੀਰ ਦੀ ਸਥਾਨਕ ਅਦਾਲਤ ਤੋਂ ਬਾਹਰ ਤਬਦੀਲ ਕਰ ਦਿਤਾ ਜਾਵੇਗਾ। ਬੱਚੀ ਦੇ ਪਿਤਾ ਨੇ ਅਪਣੇ ਪਰਵਾਰ, ਪਰਵਾਰ ਦੇ ਇਕ ਮਿੱਤਰ ਅਤੇ ਅਪਣੀ ਵਕੀਲ ਦੀ ਸੁਰੱਖਿਆ ਪ੍ਰਤੀ ਚਿੰਤਾ ਜ਼ਾਹਿਰ ਕਰਦੇ ਹੋਏ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ।
ਇਸ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ ਇਨ੍ਹਾਂ ਸਾਰਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਆਦੇਸ਼ ਦਿਤਾ ਸੀ। ਇਸੇ ਦੇ ਚਲਦਿਆਂ ਸਾਂਝੀ ਰਾਮ ਸਮੇਤ ਦੋ ਮੁਲਜ਼ਮਾਂ ਨੇ ਸਾਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਅਤੇ ਇਸ ਦੀ ਸੁਣਵਾਈ ਜੰਮੂ ਵਿਚ ਹੀ ਕਰਵਾਉਣ ਲਈ ਵੱਖਰੀ ਅਰਜ਼ੀ ਦਾਇਰ ਕੀਤੀ ਸੀ।