'ਕੋਰੋਨਾ ਨਾਲ ਹੀ ਬਿਤਾਉਣਾ ਪਵੇਗਾ ਸਮਾਂ, ਜੂਨ ਵਿਚ ਆਉਣਗੇ ਸਭ ਤੋਂ ਜ਼ਿਆਦਾ ਮਾਮਲੇ'-ਏਮਜ਼ ਡਾਇਰੈਕਟਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਜੂਨ ਦੇ ਮਹੀਨੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਜ਼ਿਆਦਾ ਹੋਣਗੇ।

Photo

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੌਰਾਨ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਜੂਨ ਦੇ ਮਹੀਨੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਜ਼ਿਆਦਾ ਹੋਣਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੌਕਡਾਊਨ ਦਾ ਫਾਇਦਾ ਮਿਲਿਆ ਹੈ ਅਤੇ ਲੌਕਡਾਊਨ ਦੌਰਾਨ ਕੋਰੋਨਾ ਦੇ ਕੇਸ ਜ਼ਿਆਦਾ ਨਹੀਂ ਵਧੇ।

ਏਮਜ਼ ਡਾਇਰੈਕਟਰ ਨੇ ਕਿਹਾ ਕਿ, 'ਜਿਸ ਤਰੀਕੇ ਨਾਲ ਟਰੈਂਡ ਦਿਖ ਰਿਹਾ ਹੈ, ਕੋਰੋਨਾ ਦੇ ਮਾਮਲੇ ਜੂਨ ਵਿਚ ਸਿਖਰ 'ਤੇ ਹੋਣਗੇ। ਹਾਲਾਂਕਿ ਅਜਿਹਾ ਬਿਲਕੁਲ ਨਹੀਂ ਹੈ ਕਿ ਬਿਮਾਰੀ ਇਕ ਵਾਰ ਵਿਚ ਹੀ ਖਤਮ ਹੋ ਜਾਵੇਗੀ। ਸਾਨੂੰ ਕੋਰੋਨਾ ਨਾਲ ਹੀ ਜਿਉਣਾ ਹੋਵੇਗਾ। ਹੌਲੀ-ਹੌਲੀ ਕੋਰੋਨਾ ਦੇ ਮਾਮਲਿਆਂ ਵਿਚ ਕਮੀ ਆਵੇਗੀ'।

ਡਾਕਟਰ ਗੁਲੇਰੀਆ ਨੇ ਕਿਹਾ ਹੈ ਕਿ ਲੌਕਡਾਊਨ ਦਾ ਫਾਇਦਾ ਹੋਇਆ ਹੈ। ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਘੱਟ ਮਾਮਲੇ ਵਧੇ ਹਨ। ਹਸਪਤਾਲਾਂ ਨੇ ਲੌਕਡਾਊਨ ਵਿਚ ਅਪਣੀ ਤਿਆਰੀ ਕਰ ਲਈ ਹੈ। ਡਾਕਟਰਾਂ ਨੂੰ ਸਿਖਲਾਈ ਦਿੱਤੀ ਗਈ ਹੈ। ਪੀਪੀਈ ਕਿੱਟਾਂ, ਵੈਂਟੀਲੇਟਰ ਅਤੇ ਜ਼ਰੂਰੀ ਮੈਡੀਕਲ ਉਪਕਰਣ ਦੇ ਇੰਤਜ਼ਾਮ ਕੀਤੇ ਗਏ ਹਨ। ਕੋਰੋਨਾ ਦੀ ਜਾਂਚ ਵਧੀ ਹੈ। 

ਉਹਨਾਂ ਕਿਹਾ ਕਿ ਇਸ ਬਾਰੇ ਹਾਲੇ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਦੋਂ ਤੱਕ ਕੋਰੋਨਾ ਦੇ ਮਾਮਲੇ ਚੱਲਣਗੇ ਅਤੇ ਕਿੰਨਾ ਲੰਬਾ ਸਮਾਂ ਚੱਲਣਗੇ। ਪਰ ਇਹ ਜ਼ਰੂਰ ਹੈ ਕਿ ਜਦੋਂ ਸਿਖਰ 'ਤੇ ਕੋਈ ਚੀਜ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹ ਹੇਠਾਂ ਆ ਜਾਂਦੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਆਏ ਦਿਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ।

ਦੇਸ਼ ਵਿਚ ਹੁਣ ਤੱਕ 52 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਦੇਸ਼ ਵਿਚ ਹੁਣ ਤੱਕ 1783 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੋ ਚੁੱਕੀ ਹੈ।