UAE ਦੇ ਸਿਹਤ ਅਧਿਕਾਰੀਆਂ ਤੋਂ ਮਿਲੇਗੀ ਮਨਜ਼ੂਰੀ ਤਾਂ ਹੀ ਅਪਣੇ ਦੇਸ਼ ਪਰਤ ਸਕਣਗੇ ਭਾਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਦੇਸ਼ 'ਚ ਫਸੇ ਭਾਰਤੀਆਂ ਨੂੰ ਕੱਢਣ ਦੀ ਮੁਹਿੰਮ ਵੀਰਵਾਰ ਤੋਂ ਹੋਵੇਗੀ ਸ਼ੁਰੂ

File Photo

ਦੁਬਈ, 6 ਮਈ : ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਆਬੂ ਧਾਬੀ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਸਿਰਫ਼ ਉਹਨਾਂ ਭਾਰਤੀਆਂ ਨੂੰ ਦੇਸ਼ ਪਰਤਣ ਦੀ ਇਜਾਜ਼ਤ ਦਿਤੀ ਜਾਵੇਗੀ ਜਿਹਨਾਂ ਨੂੰ ਯੂ.ਏ.ਈ. ਦੇ ਸਿਹਤ ਅਧਿਕਾਰੀ ਮਨਜ਼ੂਰੀ ਦੇਣਗੇ ਅਤੇ ਜਿਹਨਾਂ ਵਿਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਹੋਵੇਗਾ। ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਕੱਢਣ ਦੀ ਮੁਹਿੰਮ ਵੀਰਵਾਰ ਤੋਂ ਸ਼ੁਰੂ ਹੋਵੇਗੀ। ਭਾਰਤ ਸਰਕਾਰ ਨੇ ਸੋਮਵਾਰ ਨੂੰ 7 ਮਈ ਤੋਂ ਵਿਦੇਸ਼ ਵਿਚ ਫਸੇ ਅਪਣੇ ਨਾਗਰਿਕਾਂ ਨੂੰ ਲੜੀਬੱਧ ਤਰੀਕੇ ਨਾਲ ਕੱਢਣ ਦੀ ਯੋਜਨਾ ਦਾ ਐਲਾਨ ਕੀਤਾ ਸੀ।

ਆਬੂ ਧਾਬੀ ਵਿਚ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਕਿਹਾ ਕਿ ਹਵਾਈ ਅੱਡੇ ਵਲ ਰਵਾਨਾ ਹੋਣ ਵਾਲੇ ਸਾਰੇ ਯਾਤਰੀਆਂ ਨੂੰ ਮੈਡੀਕਲ ਸਕ੍ਰੀਨਿੰਗ ਅਤੇ ਆਈ.ਜੀ.ਐੱਮ. /ਆਈ.ਜੀ .ਜੀ. ਜਾਂਚ ਕਰਵਾਉਣੀ ਹੋਵੇਗੀ ਅਤੇ ਸਿਰਫ ਉਹਨਾਂ ਨੂੰ ਜਹਾਜ਼ ਵਿਚ ਸਵਾਰ ਹੋਣ ਦਿਤਾ ਜਾਵੇਗਾ ਜਿਹਨਾਂ ਨੂੰ ਯੂ.ਏ.ਈ. ਦੇ ਸਿਹਤ ਅਧਿਕਾਰੀ ਮਨਜ਼ੂਰੀ ਦੇਣਗੇ ਤੇ ਜਿਹਨਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਜਾਣਗੇ। ਦੂਤਾਵਾਸ ਦੇ ਮੁਤਾਬਕ ਸਾਰੇ ਯਾਤਰੀਆਂ ਨੂੰ ਇਕ ਹਲਫਨਾਮੇ 'ਤੇ ਦਸਤਖ਼ਤ ਕਰਨੇ ਹੋਣਗੇ ਕਿ ਉਹ ਦੇਸ਼ ਪਹੁੰਚ ਕੇ ਲੋੜੀਂਦੇ ਰੂਪ ਨਾਲ ਕੁਆਰੰਟੀਨ ਵਿਚ ਰਹਿਣਗੇ ਅਤੇ ਇਸ ਦਾ ਖ਼ਰਚਾ ਚੁੱਕਣਗੇ।

ਦੂਤਾਵਾਸ/ ਵਣਜ ਦੂਤਾਵਾਸ ਨੇ 7 ਮਈ ਦੀਆਂ 2 ਉਡਾਣਾਂ ਦੇ ਲਈ ਯਾਤਰੀਆਂ ਦੀ ਸੂਚੀ ਨੂੰ ਆਖ਼ਰੀ ਰੂਪ ਦੇ ਦਿਤਾ ਹੈ। ਇਸ ਦੇ ਨਾਲ ਹੀ ਟਿਕਟ ਜਾਰੀ ਕਰਨ ਲਈ ਇਸ ਨੂੰ ਏਅਰ ਇੰਡੀਆ ਐਕਸਪ੍ਰੈੱਸ ਨੂੰ ਭੇਜਿਆ ਹੈ। ਗਲਫ ਨਿਊਜ਼ ਨੇ ਖਬਰ ਦਿਤੀ ਹੈ ਕਿ ਯੂ.ਏ.ਈ. ਤੋਂ ਭਾਰਤ ਪਰਤਣ ਲਈ 2000 ਤੋਂ ਘੱਟ ਭਾਰਤੀਆਂ ਨੇ ਇੱਛਾ ਜ਼ਾਹਰ ਕੀਤੀ ਹੈ।  (ਪੀਟੀਆਈ)
 

64 ਉਡਾਣਾਂ ਰਾਹੀਂ 15 ਹਜ਼ਾਰ ਭਾਰਤੀਆਂ ਦੀ ਹੋਵੇਗੀ ਵਾਪਸੀ :  ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ
ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਏਅਰ ਇੰਡੀਆ ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਕੱਢਣ ਦੇ ਲਈ 64 ਉਡਾਣਾਂ ਦਾ ਸੰਚਾਲਨ ਕਰੇਗੀ। ਇਹਨਾਂ ਵਿਚ ਕਰੀਬ 15,000 ਭਾਰਤੀਆਂ ਨੂੰ ਦੇਸ਼ ਵਾਪਸ ਲਿਆਂਦਾ ਜਾਵੇਗਾ। ਯੂ.ਏ.ਈ. ਵਿਚ ਭਾਰਤੀ ਰਾਜਦੂਤ ਪਵਨ ਕਪੂਰ ਨੇ ਕਿਹਾ ਹੈ ਕਿ ਯੂ.ਏ.ਈ. ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਵੀਰਵਾਰ ਨੂੰ 2 ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਹੋਵੇਗਾ। ਇਸ ਦੀ ਸ਼ੁਰੂਆਤ ਕੇਰਲ ਦੇ ਲੋਕਾਂ ਨਾਲ ਹੋਵੇਗੀ ਜਿਹਨਾਂ ਨੇ ਇਥੇ ਦੇਸ਼ ਵਾਪਸੀ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਯੂ.ਏ.ਈ. ਵਿਚ ਕੇਰਲ ਦੇ ਲੋਕ ਵੱਡੀ ਗਿਣਤੀ ਵਿਚ ਰਹਿੰਦੇ ਹਨ।