ਸੋਨੀਆ ਨੇ ਤਾਲਾਬੰਦੀ ਦੇ ਮਾਪਦੰਡ 'ਤੇ ਸਵਾਲ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਾਲਾਬੰਦੀ ਨੂੰ ਲਗਾਤਾਰ ਵਧਾਏ ਜਾਣ ਨੂੰ ਲੈ ਕੇ ਬੁਧਵਾਰ ਨੂੰ ਸਵਾਲ ਕੀਤਾ ਕਿ ਇਹ ਤੈਅ ਕਰਨ ਦਾ ਸਰਕਾਰ ਦਾ ਮਾਪਦੰਡ ਕੀ ਹੈ

File Photo

ਨਵੀਂ ਦਿੱਲੀ, 6 ਮਈ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਤਾਲਾਬੰਦੀ ਨੂੰ ਲਗਾਤਾਰ ਵਧਾਏ ਜਾਣ ਨੂੰ ਲੈ ਕੇ ਬੁਧਵਾਰ ਨੂੰ ਸਵਾਲ ਕੀਤਾ ਕਿ ਇਹ ਤੈਅ ਕਰਨ ਦਾ ਸਰਕਾਰ ਦਾ ਮਾਪਦੰਡ ਕੀ ਹੈ ਕਿ ਤਾਲਾਬੰਦੀ ਕਿੰਨੇ ਲੰਮੇਂ ਸਮੇਂ ਤਕ ਜਾਰੀ ਰਹੇਗੀ। ਉਨ੍ਹਾਂ ਨੇ ਪਾਰਟੀ ਦੀ ਸਰਕਾਰ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਹੋਈ ਬੈਠਕ 'ਚ ਇਹ ਟਿਪਣੀ ਕੀਤੀ। ਬੈਠਕ 'ਚ ਕਾਂਗਰਸ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਕੋਰੋਨਾ ਮਹਾਂਮਾਰੀ ਕਰ ਕੇ ਮਾਲੀਏ ਦੇ ਭਾਰੀ ਨੁਕਸਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੂਬਿਆਂ ਲਈ ਆਰਥਕ ਪੈਕੇਜ ਦੇਣਾ ਚਾਹੀਦਾ ਹੈ।

ਮੁੱਖ ਮੰਤਰੀਆਂ ਨੇ ਇਹ ਦੋਸ਼ ਵੀ ਲਾਇਆ ਕਿ ਕੋਰੋਨਾ ਨਾਲ ਸਬੰਧਤ ਜ਼ੋਨ ਦਾ ਫ਼ੈਸਲਾ ਕਰਨ ਲਈ ਕੇਂਦਰ ਵਲੋਂ ਸੂਬਿਆਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਜਾ ਰਿਹਾ। ਇਸ ਬੈਠਕ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਵੀ ਸ਼ਾਮਲ ਹੋਏ।

ਸੋਨੀਆ ਨੇ ਕਿਹਾ, ''17 ਮਈ ਤੋਂ ਬਾਅਦ ਕੀ ਹੋਵੇਗਾ? ਭਾਰਤ ਸਰਕਾਰ ਇਹ ਤੈਅ ਕਰਨ ਲਈ ਕਿਹੜਾ ਮਾਪਦੰਡ ਅਪਣਾ ਰਹੀ ਹੈ ਕਿ ਤਾਲਾਬੰਦੀ ਕਿੰਨਾ ਲੰਮਾ ਸਮਾਂ ਚਲੇਗੀ। ਬੈਠਕ 'ਚ ਉਨ੍ਹਾਂ ਦੀ ਗੱਲ ਦੀ ਹਮਾਇਤ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ, ''ਜਿਵੇਂ ਕਿ ਸੋਨੀਆ ਜੀ ਨੇ ਕਿਹਾ ਹੈ ਕਿ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਤਾਲਾਬੰਦੀ-3 ਤੋਂ ਬਾਅਦ ਕੀ ਹੋਵੇਗਾ?''

ਕਿਸਾਨਾਂ ਨੂੰ ਲੈ ਕੇ ਸੋਨੀਆ ਗਾਂਧੀ ਨੇ ਕਿਹਾ, ''ਅਸੀਂ ਅਪਣੇ ਕਿਸਾਨਾਂ, ਅਤੇ ਖ਼ਾਸ ਕਰ ਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਧਨਵਾਦ ਕਰਦੇ ਹਾਂ ਜਿਨ੍ਹਾਂ ਨੇ ਔਕੜਾਂ ਦੇ ਬਾਵਜੂਦ ਕਣਕ ਦੀ ਸ਼ਾਨਦਾਰ ਫ਼ਸਲ ਪੈਦਾ ਕੀਤੀ ਅਤੇ ਭੋਜਨ ਸੁਰੱਖਿਆ ਨੂੰ ਯਕੀਨੀ ਕੀਤਾ ਹੈ।'' ਬੈਠਕ 'ਚ ਬੈਠਕ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਦੀ ਰਣਨੀਤੀ ਦਾ ਮੁੱਖ ਬਿੰਦੂ ਬਜ਼ੁਰਗਾਂ ਅਤੇ ਸ਼ੂਗਰ ਨਾਲ ਪੀੜਤ ਅਤੇ ਦਿਲ ਦੀ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਬਚਾਉਣਾ ਹੈ।

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਦਿੱਲੀ 'ਚ ਬੈਠੇ ਲੋਕ ਜ਼ਮੀਨੀ ਹਕੀਕਤ ਜਾਣੇ ਬਗ਼ੈਰ ਕੋਰੋਨਾ ਵਾਇਰਸ ਦੇ ਜ਼ੋਨ ਦਾ ਵਰਗੀਕਰਨ ਕਰ ਰਹੇ ਹਨ, ਜੋ ਚਿੰਤਾਜਨਕ ਗੱਲ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਜਦੋਂ ਤਕ ਕੇਂਦਰੀ ਸਰਕਾਰ ਵਿੱਤੀ ਪੈਕੇਜ ਨਹੀਂ ਦਿੰਦੀ ਉਦੋਂ ਤਕ ਸੂਬੇ ਅਤੇ ਦੇਸ਼ ਕਿਵੇਂ ਚਲਣਗੇ? ਉਨ੍ਹਾਂ ਕਿਹਾ, ''ਸਾਨੂੰ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਬਿਆਂ ਨੇ ਕੇਂਦਰ ਸਰਕਾਰ ਤੋਂ ਪੈਸੇ ਮੰਗੇ ਹਨ ਪਰ ਭਾਰਤ ਸਰਕਾਰ ਨੇ ਕੋਈ ਜਵਾਨ ਨਹੀਂ ਦਿਤਾ ਹੈ।''