ਕੋਰੋਨਾ ਮਹਾਮਾਰੀ ਦਾ ਅਸਰ, ਪਹਿਲੀ ਲਹਿਰ ਵਿਚ 23 ਕਰੋੜ ਭਾਰਤੀ ਹੋਏ ਗਰੀਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਲਾਬੰਦੀ ਲੱਗਣ ਕਾਰਨ ਤਕਰੀਬਨ 10 ਕਰੋੜ ਲੋਕਾਂ ਦੀਆਂ ਚਲੀਆਂ ਗਈਆਂ ਨੌਕਰੀਆਂ

Poverty

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਕਾਰਨ ਲਗਾਈ ਤਾਲਾਬੰਦੀ ਨੇ ਲੋਕਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਤ ਕੀਤਾ। ਪਿਛਲੇ ਇਕ ਸਾਲ ਵਿਚ ਤਕਰੀਬਨ 230 ਕਰੋੜ ਲੋਕ ਗਰੀਬੀ ਵੱਲ ਧੱਕੇ ਗਏ। ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੇਂਡੂ ਗਰੀਬੀ ਦਰ ਵਿਚ 15 ਪ੍ਰਤੀਸ਼ਤ ਅਤੇ ਸ਼ਹਿਰੀ ਗਰੀਬੀ ਦਰ ਵਿਚ ਤਕਰੀਬਨ 20 ਅੰਕ ਦਾ ਵਾਧਾ ਹੋਇਆ ਹੈ।

ਬੰਗਲੌਰ ਦੀ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੁਆਰਾ ਬੁੱਧਵਾਰ ਨੂੰ ਪ੍ਰਕਾਸ਼ਤ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਮਾਰਚ ਤੋਂ ਭਾਰਤ ਵਿੱਚ ਸਖਤ ਤਾਲਾਬੰਦੀ ਲੱਗਣ ਕਾਰਨ ਤਕਰੀਬਨ 10 ਕਰੋੜ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਉਨ੍ਹਾਂ ਵਿੱਚੋਂ 15% ਨੂੰ ਸਾਲ ਦੇ ਅੰਤ ਤੱਕ  ਕੋਈ ਕੰਮ ਨਹੀਂ ਮਿਲਿਆ। ਔਰਤਾਂ 'ਤੇ ਇਸ ਦਾ ਬੁਰਾ ਪ੍ਰਭਾਵ ਪਿਆ। ਪਾਬੰਦੀਆਂ ਖਤਮ ਹੋਣ ਦੇ ਬਾਵਜੂਦ 47 ਪ੍ਰਤੀਸ਼ਤ ਔਰਤਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਿਆ।

ਰਿਪੋਰਟ ਵਿਚ ਉਨ੍ਹਾਂ ਲੋਕਾਂ ਬਾਰੇ ਵਿਚਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਰੋਜ਼ਾਨਾ ਆਮਦਨ 375 ਰੁਪਏ ਤੋਂ ਘੱਟ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਰੇਕ ਦੀ ਆਮਦਨੀ ਘੱਟ ਗਈ ਹੈ, ਪਰ ਮਹਾਂਮਾਰੀ ਨੇ ਗਰੀਬਾਂ ਤੇ ਜਿਆਦਾ ਕਹਿਰ ਢਾਹਿਆ। ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਕੋਵਿਡ -19 ਤੋਂ ਪਹਿਲਾਂ ਹੀ ਹੌਲੀ ਹੋ ਗਈ ਸੀ, ਪਰ ਮਹਾਂਮਾਰੀ ਨੇ ਇਸ ਨੂੰ ਹੋਰ ਕਮਜ਼ੋਰ ਕਰ ਦਿੱਤਾ।

ਇਹ ਅਨੁਮਾਨ ਲਗਾਇਆ ਗਿਆ ਸੀ ਕਿ ਪਿਛਲੇ ਸਾਲ 50 ਮਿਲੀਅਨ ਲੋਕ ਗਰੀਬੀ ਰੇਖਾ ਤੋਂ ਉੱਪਰ ਉੱਠ ਜਾਂਦੇ, ਪਰ ਇਸ ਦੀ ਬਜਾਏ ਅਪਰੈਲ, ਮਈ ਵਿਚ 20 ਪ੍ਰਤੀਸ਼ਤ ਪਰਿਵਾਰਾਂ ਦੀ ਆਮਦਨ ਪੂਰੀ ਤਰ੍ਹਾਂ ਖਤਮ ਹੋ ਗਈ। ਰਿਪੋਰਟ ਦੇ ਲੇਖਕ ਅਮਿਤ ਬਾਸੋਲੇ ਨੇ ਕਿਹਾ, “ਇਹ ਕਹਿਣਾ ਬੇਲੋੜਾ ਹੈ ਕਿ ਦੂਜੀ ਲਹਿਰ ਸਥਿਤੀ ਨੂੰ ਹੋਰ ਖਰਾਬ ਕਰਨ ਵਾਲੀ ਹੈ।”

ਰਿਪੋਰਟ ਦੇ ਅਨੁਸਾਰ, ਬਹੁਤ ਸਾਰੇ ਲੋਕਾਂ ਨੇ ਆਮਦਨੀ ਵਿੱਚ ਕਮੀ ਕਾਰਨ ਖਾਣੇ ‘ਤੇ ਘੱਟ ਖਰਚ ਕੀਤਾ।  ਸਟੱਡੀ ਵਿਚ ਸ਼ਾਮਲ 20% ਲੋਕਾਂ ਨੇ ਕਿਹਾ ਕਿ ਛੇ ਮਹੀਨਿਆਂ ਬਾਅਦ ਉਨ੍ਹਾਂ ਦੇ ਖਾਣ-ਪੀਣ ਵਿਚ ਸੁਧਾਰ ਨਹੀਂ ਹੋਇਆ ਹੈ।