ਕੋਰੋਨਾ ਸੰਕਟ: ਰਾਹੁਲ ਗਾਂਧੀ ਦੀ ਪੀਐਮ ਨੂੰ ਚਿੱਠੀ, ‘ਲੋਕਾਂ ਨੂੰ ਬਚਾਉਣ ਲਈ ਜੋ ਸੰਭਵ ਹੈ, ਉਹ ਕਰੋ’

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਦੇਸ਼ ਦੇ ਲੋਕਾਂ ਨੂੰ ਇਸ ਭਿਆਨਕ ਮਹਾਂਮਾਰੀ ਤੋਂ ਬਚਾਉਣ ਲਈ ਜੋ ਸੰਭਵ ਹੈ, ਉਹ ਕਰੋ।

Rahul Gandhi writes to Prime Minister Narendra Modi

ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਦੇਸ਼ ਦੇ ਲੋਕਾਂ ਨੂੰ ਇਸ ਭਿਆਨਕ ਮਹਾਂਮਾਰੀ ਤੋਂ ਬਚਾਉਣ ਲਈ ਜੋ ਸੰਭਵ ਹੈ, ਉਹ ਕਰੋ। ਉਹਨਾਂ ਨੇ ਪੀਐਮ ਮੋਦੀ ਨੂੰ ਸੁਚੇਤ ਕੀਤਾ ਕਿ ਕੋਰੋਨਾ ਵਾਇਰਸ ਦੇ ਸਾਰੇ ਰੂਪਾਂ ਦਾ ਵਿਗਿਆਨਕ ਤਰੀਕਿਆਂ ਨਾਲ ਪਤਾ ਲਗਾਉਣ ਦੇ ਨਾਲ-ਨਾਲ ਪੂਰੀ ਦੁਨੀਆਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਜਾਵੇ ਅਤੇ ਦੇਸ਼ ਦੇ ਨਾਗਰਿਕਾਂ ਨੂੰ ਜਲਦ ਟੀਕਾ ਲਗਾਇਆ ਜਾਵੇ।

ਉਹਨਾਂ ਨੇ ਚਿੱਠੀ ਲਿਖ ਕੇ ਦੋਸ਼ ਲਗਾਇਆ ਕਿ ਸਰਕਾਰ ਦੀ ‘ਅਸਫਲਤਾ’ ਕਾਰਨ ਦੇਸ਼ ਇਕ ਵਾਰ ਫਿਰ ਰਾਸ਼ਟਰੀ ਪੱਧਰ ਦੀ ਤਾਲਾਬੰਦੀ ਦੀ ਰਾਹ ’ਤੇ ਖੜਾ ਹੋ ਗਿਆ ਹੈ ਅਤੇ ਅਜਿਹੇ ਵਿਚ ਗਰੀਬਾਂ ਨੂੰ ਤੁਰੰਤ ਆਰਥਕ ਮਦਦ ਦਿੱਤੀ ਜਾਵੇ ਤਾਂ ਕਿ ਉਹਨਾਂ ਨੂੰ ਪਿਛਲੇ ਸਾਲ ਦੀ ਤਰ੍ਹਾਂ ਮੁਸ਼ਕਿਲ ਨਾ ਆਵੇ।

ਰਾਹੁਲ ਗਾਂਧੀ ਨੇ ਲਿਖਿਆ, ‘ਮੈਂ ਇਕ ਵਾਰ ਫਿਰ ਚਿੱਠੀ ਲਿਖਣ ਲਈ ਮਜਬੂਰ ਹੋਇਆ ਹਾਂ ਕਿਉਂਕਿ ਸਾਡਾ ਦੇਸ਼ ਕੋਵਿਡ ਸੁਨਾਮੀ ਦੀ ਗਿਰਫ਼ ਵਿਚ ਹੈ। ਇਸ ਤਰ੍ਹਾਂ ਦੇ ਅਣਕਿਆਸੇ ਸੰਕਟ ਵਿਚ ਭਾਰਤ ਦੇ ਲੋਕ ਤੁਹਾਡੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੇ। ਮੈਂ ਅਪੀਲ ਕਰਦਾ ਹਾਂ ਕਿ ਦੇਸ਼ ਵਾਸੀਆਂ ਨੂੰ ਇਸ ਤੋਂ ਬਚਾਉਣ ਲਈ ਜੋ ਵੀ ਸੰਭਵ ਹੋਵੇ, ਉਹ ਕਰੋ’।

ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਅਰੋਪ ਲਗਾਇਆ ਕਿ ਕੇਂਦਰ ਸਰਕਾਰ ਕੋਲ ਕੋਵਿਡ ਖਿਲਾਫ਼ ਟੀਕਾਕਰਨ ਲਈ ਕੋਈ ਸਪੱਸ਼ਟ ਰਣਨੀਤੀ ਨਹੀਂ ਹੈ ਅਤੇ ਸਰਕਾਰ ਨੇ ਉਸ ਸਮੇਂ ਮਹਾਂਮਾਰੀ ’ਤੇ ਜਿੱਤ ਦਾ ਐਲ਼ਾਨ ਕਰ ਦਿੱਤਾ ਜਦੋਂ ਵਾਇਰਸ ਫੈਲ ਰਿਹਾ ਸੀ। ਕਾਂਗਰਸ ਆਗੂ ਨੇ ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਸੰਕਟ ਵਿਚ ਵੱਖ-ਵੱਖ ਧਿਰਾਂ ਨੂੰ ਵਿਸ਼ਵਾਸ ਵਿਚ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਹਰ ਕੋਈ ਮਿਲ ਕੇ ਭਾਰਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਸਕੇ।