ਮਹਿੰਗਾਈ ਦੀ ਮਾਰ! ਫਿਰ ਮਹਿੰਗਾ ਹੋਇਆ ਘਰੇਲੂ ਗੈਸ ਸਿਲੰਡਰ, 1000 ਰੁਪਏ ਤੱਕ ਪਹੁੰਚੀ ਕੀਮਤ
ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ
ਨਵੀਂ ਦਿੱਲੀ: ਦੇਸ਼ 'ਚ ਇਕ ਵਾਰ ਫਿਰ ਤੋਂ ਲੋਕ ਮਹਿੰਗਾਈ ਦੀ ਮਾਰ ਹੇਠ ਆਉਣ ਵਾਲੇ ਹਨ। ਦਰਅਸਲ ਘਰੇਲੂ ਰਸੋਈ ਗੈਸ (14.2 ਕਿਲੋ) ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਸ਼ਨੀਵਾਰ ਨੂੰ ਤੇਲ ਕੰਪਨੀਆਂ ਨੇ ਐਲਪੀਜੀ ਗੈਸ ਸਿਲੰਡਰ ਨੂੰ 50 ਰੁਪਏ ਤੱਕ ਮਹਿੰਗਾ ਕਰ ਦਿੱਤਾ ਹੈ। ਇਸ ਦੇ ਨਾਲ ਹੁਣ ਦਿੱਲੀ ਵਿਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 999.50 ਰੁਪਏ ਹੋ ਗਈ ਹੈ। ਮਾਰਚ 2022 ਵਿਚ ਵੀ ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ।
LPG Gas Cylinder
ਇਸ ਦੇ ਨਾਲ ਹੀ ਪਿਛਲੇ ਹਫਤੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ 102 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਦੀ ਕੀਮਤ 2253 ਰੁਪਏ ਹੋ ਗਈ ਸੀ। ਐੱਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਅਜਿਹੇ ਸਮੇਂ ਵਾਧਾ ਹੋਇਆ ਹੈ ਜਦੋਂ ਆਮ ਆਦਮੀ ਪੈਟਰੋਲ ਅਤੇ ਡੀਜ਼ਲ ਦੀ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਹੁਣ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਵੀ ਆਮ ਆਦਮੀ ਦੀ ਜੇਬ ਢਿੱਲੀ ਕਰਨਗੀਆਂ।
Commercial cylinder
ਦੱਸ ਦੇਈਏ ਕਿ 1 ਮਈ ਨੂੰ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿਚ 102.50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2355.50 ਰੁਪਏ ਤੱਕ ਪਹੁੰਚ ਗਈ। ਇਸ ਦੇ ਨਾਲ ਹੀ 5 ਕਿਲੋ ਦੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵੀ 655 ਰੁਪਏ ਹੋ ਗਈ ਹੈ।
LPG gas cylinder
ਇਸ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 250 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਸੀ। ਜਿਸ ਤੋਂ ਬਾਅਦ 1 ਅਪ੍ਰੈਲ ਤੋਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 2,253 ਰੁਪਏ ਹੋ ਗਈਆਂ ਸਨ। ਇਸ ਦੇ ਨਾਲ ਹੀ 1 ਮਾਰਚ ਨੂੰ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ ਫਿਰ 105 ਰੁਪਏ ਦਾ ਵਾਧਾ ਕੀਤਾ ਗਿਆ ਸੀ।