ਜਗਤਾਰ ਸਿੰਘ ਹਵਾਰਾ ਦਾ AIIMS 'ਚ ਕਰਵਾਇਆ ਜਾਵੇ ਇਲਾਜ - ਦਿੱਲੀ ਹਾਈ ਕੋਰਟ
ਸਿਰ ਦੀ ਅੰਦਰੂਨੀ ਸੱਟ ਦਾ ਇਲਾਜ ਨਿੱਜੀ ਹਸਪਤਾਲ ਵਿਚ ਕਰਵਾਉਣ ਲਈ ਖੜਕਾਇਆ ਸੀ ਕੋਰਟ ਦਾ ਦਰਵਾਜ਼ਾ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਜਗਤਾਰ ਸਿੰਘ ਹਵਾਰਾ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਵਿਚ ਨਿਊਰੋਲੌਜੀਕਲ ਜਾਂਚ ਅਤੇ ਇਲਾਜ ਮੁਹੱਈਆ ਕਰਵਾਉਣ। ਦੱਸ ਦੇਈਏ ਕਿ ਜਗਤਾਰ ਸਿੰਘ ਹਵਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ ਇਸ ਵੇਲੇ ਤਿਹਾੜ ਜੇਲ੍ਹ ਵਿਚ ਬੰਦ ਹਨ। ਜਗਤਾਰ ਸਿੰਘ ਹਵਾਰਾ ਦੇ ਸਿਰ ਵਿਚ ਸੱਜੇ ਅੰਦਰੂਨੀ ਸੱਟ ਕਾਰਨ ਖੂਨ ਦੇ ਕਲੌਟ ਬਣ ਗਏ ਹਨ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਉਨ੍ਹਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਜਸਟਿਸ ਯਸ਼ਵੰਤ ਵਰਮਾ ਨੇ ਸਟੇਟਸ ਰਿਪੋਰਟ ਅਤੇ ਹਸਪਤਾਲਾਂ ਦੀ ਸੂਚੀ ਨੂੰ ਘੋਖਣ ਤੋਂ ਬਾਅਦ ਬੁੱਧਵਾਰ ਨੂੰ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਨਿਊਰੋਲੋਜੀ ਵਿਭਾਗ ਵਿੱਚ ਜਾਂਚ ਕਰਵਾਈ ਜਾਵੇ ਅਤੇ ਇਲਾਜ ਲਈ ਏਮਜ਼ ਵਿੱਚ ਲਿਜਾਇਆ ਜਾਵੇ। ਹਾਈ ਕੋਰਟ ਨੇ ਇਸ ਦੌਰਾਨ ਅਧਿਕਾਰੀ ਨੂੰ ਸਾਰੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਜਗਤਾਰ ਸਿੰਘ ਹਵਾਰਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਜੇਲ੍ਹ ਸੁਪਰਡੈਂਟ ਨੂੰ ਆਪਣੀ ਮਰਜ਼ੀ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ, ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਸੀ ਕਿ ਇਸ ਨਿੱਜੀ ਹਸਪਤਾਲ ਵਿਚ ਇਲਾਜ ਅਤੇ ਸੁਰੱਖਿਆ ਦਾ ਖਰਚਾ ਵੀ ਉਹ ਚੁੱਕਣ ਲਈ ਤਿਆਰ ਹਨ।
ਜਗਤਾਰ ਸਿੰਘ ਹਵਾਰਾ ਦੇ ਵਕੀਲ ਮਨਿੰਦਰ ਸਿੰਘ ਅਤੇ ਏਕਤਾ ਵਤਸ ਨੇ ਦਲੀਲ ਦਿੱਤੀ ਕਿ ਉਹ ਉਮਰ ਕੈਦ ਦਾ ਦੋਸ਼ੀ ਹੈ ਅਤੇ 26 ਸਾਲਾਂ ਤੋਂ ਤਿਹਾੜ ਜੇਲ੍ਹ ਦੇ ਹਾਈ ਸਕਿਓਰਿਟੀ ਵਾਲੇ ਵਾਰਡ ਵਿੱਚ ਬੰਦ ਹਨ। ਉਨ੍ਹਾਂ ਦੇ ਮੱਥੇ ਕੋਲ ਸੱਜੇ ਪਾਸੇ ਸਿਰ 'ਤੇ ਖੂਨ ਦਾ ਕਲਾਟ ਹੈ, ਜਿਸ ਕਰਕੇ ਉਨ੍ਹਾਂ ਨੂੰ ਤੁਰੰਤ ਇਲਾਜ ਅਤੇ ਨਿੱਜੀ ਹਸਪਤਾਲ ਵਿੱਚ ਅਪਰੇਸ਼ਨ ਕਰਵਾਉਣ ਦੀ ਲੋੜ ਹੈ। ਜਗਤਾਰ ਸਿੰਘ ਹਵਾਰਾ ਦੇ ਵਕੀਲ ਨੇ ਦੱਸਿਆ ਕਿ ਉਹ ਇਲਾਜ ਦੇ ਨਾਲ-ਨਾਲ ਆਵਾਜਾਈ ਅਤੇ ਸੁਰੱਖਿਆ ਪ੍ਰਬੰਧਾਂ ਦਾ ਖਰਚਾ ਚੁੱਕਣ ਲਈ ਵੀ ਤਿਆਰ ਹਨ।
ਬੈਂਚ ਨੇ ਜੇਲ੍ਹ ਅਧਿਕਾਰੀਆਂ ਨੂੰ ਅਪੀਲਕਰਤਾ ਦੀ ਮੈਡੀਕਲ ਸਥਿਤੀ ਬਾਰੇ ਸਟੇਟਸ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਪਟੀਸ਼ਨ ਨੂੰ ਵਿਚਾਰਨ ਅਤੇ ਸੁਣਨ ਤੋਂ ਬਾਅਦ ਬੈਂਚ ਨੇ ਅਧਿਕਾਰੀਆਂ ਨੂੰ ਸਰਕਾਰੀ ਹਸਪਤਾਲਾਂ ਦੀ ਸੂਚੀ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਨ੍ਹਾਂ ਵਿੱਚ ਦਿਮਾਗ਼ੀ ਇਲਾਜ ਦੀਆਂ ਸਹੂਲਤਾਂ ਹਨ। ਜੇਲ੍ਹ ਪ੍ਰਸ਼ਾਸਨ ਨੇ ਏਮਜ਼ ਸਣੇ ਚਾਰ ਹਸਪਤਾਲਾਂ ਦੀ ਸੂਚੀ ਤਿਆਰ ਕੀਤੀ ਗਈ।
ਜਗਤਾਰ ਸਿੰਘ ਹਵਾਰਾ ਨੂੰ ਸੀਬੀਆਈ ਵੱਲੋਂ ਦਾਇਰ ਕੇਸ ਵਿੱਚ ਚੰਡੀਗੜ੍ਹ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਮੌਤ ਦੀ ਸਜ਼ਾ ਨੂੰ ਇਸ ਨਿਰਦੇਸ਼ ਨਾਲ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਕਿ ਜਗਤਾਰ ਸਿੰਘ ਹਵਾਰਾ ਦੀ ਬਾਕੀ ਰਹਿੰਦੀ ਉਮਰ ਤੱਕ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਜਾਵੇਗਾ।