ਵੱਡਾ ਹਾਦਸਾ: ਟਾਟਾ ਸਟੀਲ ਪਲਾਂਟ 'ਚ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੜੀ ਮੁਸ਼ਕਤ ਤੋਂ ਬਾਅਦ ਅੱਗ 'ਤੇ ਪਾਇਆ ਕਾਬੂ

photo

 

ਧਨਬਾਦ : ਝਾਰਖੰਡ ਦੇ ਪੂਰਬੀ ਸਿੰਘਭੂਮ 'ਚ ਸਥਿਤ ਟਾਟਾ ਸਟੀਲ ਦੇ ਜਮਸ਼ੇਦਪੁਰ ਪਲਾਂਟ 'ਚ ਅਚਾਨਕ ਅੱਗ ਲੱਗ ਗਈ। ਸ਼ਨੀਵਾਰ ਸਵੇਰੇ ਕਰੀਬ 10.20 ਵਜੇ ਇਕ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਪਲਾਂਟ 'ਚ ਅੱਗ ਲੱਗ ਗਈ। ਇਹ ਹਾਦਸਾ ਕੰਪਨੀ ਦੇ ਕੋਕ ਪਲਾਂਟ ਦੀ ਬੈਟਰੀ ਨੰਬਰ 6 ਵਿੱਚ ਵਾਪਰਿਆ। ਇਸ ਤੋਂ ਗੈਸ ਲੀਕ ਹੋਣ ਲੱਗੀ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਵਿੱਚ ਦੋ ਠੇਕਾ ਮੁਲਾਜ਼ਮ ਜ਼ਖ਼ਮੀ ਹੋਏ ਹਨ।

 

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਰਐਮਐਮ, ਸਿੰਟਰ ਪਲਾਂਟ ਵਨ ਅਤੇ ਟੂ ਵਿੱਚ ਭਗਦੜ ਮਚ ਗਈ। ਸਾਰੇ ਕਰਮਚਾਰੀਆਂ ਨੂੰ ਵਿੱਚ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਕਰਮਚਾਰੀਆਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ। ਆਲੇ-ਦੁਆਲੇ ਦੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਧਮਾਕੇ ਨਾਲ ਗੈਰ-ਜ਼ਹਿਰੀਲੀ ਗੈਸ ਨਿਕਲੀ। ਇਸ ਕਾਰਨ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਕਰੀਬ 15 ਮਿੰਟ 'ਚ ਸਥਿਤੀ 'ਤੇ ਕਾਬੂ ਪਾ ਲਿਆ ਗਿਆ। ਢਾਈ ਘੰਟਿਆਂ ਵਿੱਚ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੋ ਗਈ।

ਕੰਪਨੀ ਪ੍ਰਬੰਧਨ ਨੇ ਦੱਸਿਆ ਕਿ ਕੋਕ ਪਲਾਂਟ ਦੀ ਬੈਟਰੀ 'ਚ ਧਮਾਕਾ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ। ਠੇਕੇ ਦੇ ਦੋ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਇੱਕ ਮੁਲਾਜ਼ਮ ਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਹੈ, ਉਸ ਦੀ ਹਾਲਤ ਸਥਿਰ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਇਸ ਦੇ ਨਾਲ ਹੀ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਘਟਨਾ ਬਾਰੇ ਕਿਹਾ ਕਿ ਜਮਸ਼ੇਦਪੁਰ ਦੇ ਟਾਟਾ ਸਟੀਲ ਪਲਾਂਟ ਵਿੱਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਟਾਟਾ ਸਟੀਲ ਪ੍ਰਬੰਧਨ ਨਾਲ ਤਾਲਮੇਲ ਕਰਕੇ ਜ਼ਖਮੀਆਂ ਦੇ ਜਲਦੀ ਇਲਾਜ ਲਈ ਕਾਰਵਾਈ ਕਰ ਰਿਹਾ ਹੈ।