ਦੰਗੇ ਭੜਕਾਉਣ ਵਾਲੇ 'ਗੁੰਡਿਆਂ' ਨੂੰ ਬਚਾ ਰਹੀ ਹੈ ਭਾਜਪਾ ਅਤੇ ਉਸ ਦੀ ਸਰਕਾਰ : ਸਿਸੋਦੀਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਘਟਨਾ ਨੂੰ ਲੈ ਕੇ ਸਿਆਸੀ ਇਲਜ਼ਾਮਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

Manish Sisodia

 

ਨਵੀਂ ਦਿੱਲੀ - ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਅਤੇ ਇਸ ਦੀਆਂ ਸਰਕਾਰ ਪੰਜਾਬ ਵਿਚ ਦੰਗੇ ਭੜਕਾਉਣ ਵਾਲੇ ਆਪਣੇ ‘ਗੁੰਡਿਆਂ’ ਨੂੰ ਬਚਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੀ ਦਿੱਲੀ ਇਕਾਈ ਦੇ ਆਗੂ ਤਜਿੰਦਰਪਾਲ ਬੱਗਾ, ਜਿਸ ਨੂੰ ਪੰਜਾਬ ਪੁਲਿਸ ਨੇ ਹਾਲ ਹੀ ਵਿਚ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਸੀ, ਉਸ ਨੂੰ ਪੰਜਾਬ ਜਾਂਦੇ ਸਮੇਂ ਹਰਿਆਣਾ ਵਿਚ ਰੋਕ ਲਿਆ ਗਿਆ ਸੀ ਅਤੇ ਕੁੱਝ ਘੰਟਿਆਂ ਬਾਅਦ ਦਿੱਲੀ ਪੁਲਿਸ ਨੇ ਰਾਸ਼ਟਰੀ ਰਾਜਧਾਨੀ ਵਾਪਸ ਲਿਆਂਦਾ ਸੀ। ਇਸ ਘਟਨਾ ਨੂੰ ਲੈ ਕੇ ਸਿਆਸੀ ਇਲਜ਼ਾਮਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਭਾਜਪਾ ਨੇ ਪੰਜਾਬ ਪੁਲਿਸ 'ਤੇ ਆਪਣੇ ਨੇਤਾ ਨੂੰ 'ਅਗਵਾ' ਕਰਨ ਦਾ ਦੋਸ਼ ਲਗਾਇਆ ਹੈ। ਤਜਿੰਦਰ ਬੱਗਾ ਅਰਵਿੰਦ ਕੇਜਰੀਵਾਲ ਦਾ ਜ਼ੋਰਦਾਰ ਆਲੋਚਕ ਰਿਹਾ ਹੈ ਅਤੇ ਉਸ ਨੇ 'ਆਪ' ਮੁਖੀ 'ਤੇ ਸੂਬਾ ਪੁਲਿਸ ਰਾਹੀਂ ਬਦਲਾਖੋਰੀ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। 'ਆਪ' ਨੇ ਤਜਿੰਦਰ ਬੱਗਾ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਗਾ ਨੂੰ ਪੰਜਾਬ ਵਿਚ ਫਿਰਕੂ ਤਣਾਅ ਭੜਕਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਬੱਗਾ ਦੇ ਪਿਤਾ ਪ੍ਰੀਤਪਾਲ ਸਿੰਘ ਦੀ ਸ਼ਿਕਾਇਤ 'ਤੇ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ।

 

ਇਸ ਘਟਨਾਕ੍ਰਮ ਤੋਂ ਇਕ ਦਿਨ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਕਿ ''ਪੂਰੀ ਭਾਜਪਾ ਅਤੇ ਉਨ੍ਹਾਂ ਦੀ ਸਰਕਾਰ ਇਕ ਗੁੰਡੇ ਨੂੰ ਬਚਾਉਣ ਵਿਚ ਲੱਗੀ ਹੋਈ ਹੈ ਜਿਸ ਨੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਖਿਲਾਫ਼ ਬੋਲਿਆ ਅਤੇ ਦੰਗੇ ਭੜਕਾਏ। ਇਹ ਲੋਕ ਕਦੇ ਗਲਤੀ ਨਾਲ ਵੀ ਸਿੱਖਿਆ, ਸਿਹਤ, ਮਹਿੰਗਾਈ ਅਤੇ ਬੇਰੁਜ਼ਗਾਰੀ ਬਾਰੇ ਗੱਲ ਨਹੀਂ ਕਰਦੇ।” ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਬੱਗਾ ਦੀ ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕਰੇਗੀ। ਦਿੱਲੀ ਪੁਲਿਸ ਨੇ ਇਹ ਕਦਮ ਭਾਜਪਾ ਨੇਤਾ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਉਣ ਤੋਂ ਬਾਅਦ ਚੁੱਕਿਆ ਹੈ। ਸੀਨੀਅਰ ਅਧਿਕਾਰੀ ਨੇ ਕਿਹਾ, ''ਬੱਗਾ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਖਦਸ਼ਾ ਪ੍ਰਗਟਾਇਆ ਹੈ। ਅਸੀਂ ਲੋੜੀਂਦੇ ਸੁਰੱਖਿਆ ਪ੍ਰਬੰਧ ਕਰਾਂਗੇ।"