ਤਜਿੰਦਰ ਬੱਗਾ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਦਾਗੀ DSP ਨੂੰ ਭੇਜਿਆ ਜਿਸ ਦੇ ਡਰੱਗ ਤਸਕਰਾਂ ਨਾਲ ਸੰਬੰਧ ਹਨ - ਸਿਰਸਾ
ਕੁਲਜਿੰਦਰ ਸਿੰਘ ਨੇ ਨਾਂਅ ਬਦਲ ਕੇ ਰੱਖਿਆ ਹੁਣ ਕੇ.ਐਸ ਸੰਧੂ
ਨਵੀਂ ਦਿੱਲੀ - ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਇੱਕ ਹੋਰ ਨਵੇਂ ਵਿਵਾਦ ਵਿਚ ਘਿਰ ਗਈ ਹੈ। ਤਜਿੰਦਰ ਬੱਗਾ ਨੂੰ ਗ੍ਰਿਫ਼ਤਾਰ ਕਰ ਕੇ ਪੰਜਾਬ ਲਿਆਉਣ ਵਾਲਾ ਡੀਐੱਸਪੀ ਕੁਲਜਿੰਦਰ ਸਿੰਘ ਦਾਗੀ ਹੈ। ਇਹ ਦਾਅਵਾ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕੀਤਾ ਹੈ। ਸਿਰਸਾ ਨੇ ਕਿਹਾ ਕਿ ਕੁਲਜਿੰਦਰ ਦੇ ਅਪਰਾਧੀਆਂ ਨਾਲ ਸਬੰਧ ਹਨ। ਉਸ ਦੇ ਸਬੰਧ ਇੱਕ ਬਦਨਾਮ ਨਸ਼ਾ ਤਸਕਰ ਨਾਲ ਹਨ। ਆਮ ਆਦਮੀ ਪਾਰਟੀ ਨੇ ਕੁਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਗੈਰ-ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇਣ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਵਰਤਿਆ।
ਸਿਰਸਾ ਨੇ ਕਿਹਾ ਕਿ ਨਾਂ ਬਦਲਣ ਨਾਲ ਵਿਅਕਤੀ ਦਾ ਅਤੀਤ ਅਤੇ ਉਸ ਦੇ ਬਦਨਾਮ ਕੰਮ ਨਹੀਂ ਬਦਲ ਜਾਂਦੇ। ਡੀਐਸਪੀ ਕੇਐਸ ਸੰਧੂ ਹੀ ਕੁਲਜਿੰਦਰ ਸਿੰਘ ਹਨ। ਤਜਿੰਦਰ ਬੱਗਾ ਨੂੰ ਲੈਣ ਆਏ ਡੀਐਸਪੀ ਕੇਐਸ ਸੰਧੂ ਆਪਣੇ ਮਾੜੇ ਕੰਮਾਂ ਕਾਰਨ ਬਦਨਾਮ ਰਿਹਾ ਹੈ। ਆਪ' ਸਰਕਾਰ ਨੇ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੂੰ ਚੁੱਕਣ ਲਈ ਇਸ ਬਦਨਾਮ ਪੁਲਿਸ ਅਫਸਰ ਨੂੰ ਚੁਣਿਆ।
ਮਨਜਿੰਦਰ ਸਿਰਸਾ ਨੇ ਦੱਸਿਆ ਕਿ ਭੋਲਾ ਡਰੱਗ ਕੇਸ ਦੇ ਮੁੱਖ ਮੁਲਜ਼ਮ ਸਰਬਜੀਤ ਸਿੰਘ ਦੇ ਕਹਿਣ ’ਤੇ ਕੁਲਜਿੰਦਰ ਸਿੰਘ ਮੁਹਾਲੀ ਦੇ ਡੀਐਸਪੀ ਡਿਟੈਕਟਿਵ ਵਜੋਂ ਤਾਇਨਾਤ ਸੀ। ਸਰਬਜੀਤ ਵੀ ਬਰਖ਼ਾਸਤ ਪੁਲਿਸ ਮੁਲਾਜ਼ਮ ਹੈ। ਜੋ ਕਿ ਕਈ ਸੂਬਿਆਂ ਵਿਚ ਲੋੜੀਂਦਾ ਹੈ। ਇਸ ਵੇਲੇ ਉਹ ਪੰਜਾਬ ਦੀ ਜੇਲ੍ਹ ਵਿਚ ਹੈ ਅਤੇ ਉਸ ਖ਼ਿਲਾਫ਼ ਅੱਧੀ ਦਰਜਨ ਨਸ਼ਾ ਤਸਕਰੀ ਦੇ ਕੇਸ ਚੱਲ ਰਹੇ ਹਨ। ਸਰਬਜੀਤ ਨੇ ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ ਨਾਲ ਆਪਣੀ ਗੱਲਬਾਤ ਦੀ ਲੀਕ ਹੋਈ ਆਡੀਓ ਵਿਚ ਦਾਅਵਾ ਕੀਤਾ ਸੀ ਕਿ ਉਸ ਨੂੰ ਕੁਲਜਿੰਦਰ 'ਤੇ ਪੂਰਾ ਭਰੋਸਾ ਹੈ। ਉਹ ਕਿਸੇ ਵੀ ਗੈਰ-ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇ ਸਕਦਾ ਹੈ।
ਸਿਰਸਾ ਨੇ ਦਾਅਵਾ ਕੀਤਾ ਕਿ ਕੁਲਜਿੰਦਰ ਸਿੰਘ ਜੇਲ੍ਹ ਵਿਚ ਬੰਦ ਨਸ਼ਾ ਤਸਕਰ ਸਰਬਜੀਤ ਸਿੰਘ ਦੇ ਇਸ਼ਾਰੇ ’ਤੇ ਹੀ ਮੁਹਾਲੀ ਵਿਚ ਤਾਇਨਾਤ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਉਸ ਦੇ ਡਰੱਗ ਸਮੱਗਲਰਾਂ ਅਤੇ ਅੱਤਵਾਦੀਆਂ ਨਾਲ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ। ਸਿਰਸਾ ਨੇ ਇੱਕ ਅਖਬਾਰ ਵਿੱਚ ਕਾਲ ਰਿਕਾਰਡਿੰਗ ਲੀਕ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਸ਼ਾ ਤਸਕਰ ਸਰਬਜੀਤ ਪੰਜਾਬ ਦੇ ਤਤਕਾਲੀ ਡੀਜੀਪੀ ਨੂੰ ਕੁਲਜਿੰਦਰ ਸਿੰਘ ਨੂੰ ਮੋਹਾਲੀ ਦਾ ਡੀਐਸਪੀ ਤਾਇਨਾਤ ਕਰਨ ਲਈ ਕਹਿ ਰਿਹਾ ਹੈ।