ਸੁਪਰੀਮ ਕੋਰਟ ਵਿੱਚ 34 ਜੱਜਾਂ ਦਾ ਕੋਟਾ ਹੋਇਆ ਪੂਰਾ, ਕੇਂਦਰ ਨੇ ਦੋ ਹੋਰ ਨਾਵਾਂ ਨੂੰ ਦਿਤੀ ਮਨਜ਼ੂਰੀ
5 ਸਾਲਾਂ ਬਾਅਦ ਘੱਟ ਗਿਣਤੀ ਭਾਈਚਾਰੇ ਦੇ ਕਿਸੇ ਜੱਜ ਦੀ ਨਿਯੁਕਤੀ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ਦੇ ਦੋ ਨਵੇਂ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਸੁਧਾਂਸ਼ੂ ਧੂਲੀਆ ਅਤੇ ਗੁਜਰਾਤ ਹਾਈ ਕੋਰਟ ਦੇ ਜੱਜ ਜਮਸ਼ੇਦ ਬੀ ਪਾਰਦੀਵਾਲਾ ਨੂੰ ਜੱਜ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਦੋਵਾਂ ਜੱਜਾਂ ਦੀ ਨਿਯੁਕਤੀ 'ਤੇ ਦਸਤਖਤ ਵੀ ਕਰ ਦਿੱਤੇ ਹਨ। 5 ਮਈ ਨੂੰ ਚੀਫ਼ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ ਕੌਲਿਜੀਅਮ ਨੇ ਕੇਂਦਰ ਨੂੰ ਦੋ ਜੱਜਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ।
ਦੋਵੇਂ ਜੱਜ ਅਗਲੇ ਹਫਤੇ ਨਵੇਂ ਅਹੁਦੇ ਦੀ ਸਹੁੰ ਚੁੱਕਣਗੇ, ਹੁਣ ਸੁਪਰੀਮ ਕੋਰਟ ਨਵੰਬਰ 2019 ਤੋਂ ਬਾਅਦ ਆਪਣੀ 34 ਜੱਜਾਂ ਦੀ ਸਮਰੱਥਾ ਨੂੰ ਪੂਰਾ ਕਰੇਗੀ। ਜਸਟਿਸ ਪਾਰਦੀਵਾਲਾ ਸੁਪਰੀਮ ਕੋਰਟ ਵਿੱਚ ਨਿਯੁਕਤ ਹੋਣ ਵਾਲੇ ਚੌਥੇ ਪਾਰਸੀ ਹੋਣਗੇ। ਸੁਪਰੀਮ ਕੋਰਟ ਵਿੱਚ 5 ਸਾਲਾਂ ਬਾਅਦ ਘੱਟ ਗਿਣਤੀ ਭਾਈਚਾਰੇ ਦੇ ਜੱਜ ਦੀ ਨਿਯੁਕਤੀ ਹੋਈ ਹੈ। ਇਸ ਦੇ ਨਾਲ ਹੀ ਜਸਟਿਸ ਧੂਲੀਆ ਉੱਤਰਾਖੰਡ ਹਾਈ ਕੋਰਟ ਤੋਂ ਸੁਪਰੀਮ ਕੋਰਟ ਪਹੁੰਚਣ ਵਾਲੇ ਦੂਜੇ ਜੱਜ ਹੋਣਗੇ।
ਜਸਟਿਸ ਪਾਰਦੀਵਾਲਾ ਹੋ ਸਕਦੇ ਹਨ ਅਗਲੇ ਚੀਫ਼ ਜਸਟਿਸ
ਜਸਟਿਸ ਪਾਰਦੀਵਾਲਾ ਦੇਸ਼ ਦੇ ਅਗਲੇ ਚੀਫ਼ ਜਸਟਿਸ ਵੀ ਹੋ ਸਕਦੇ ਹਨ। ਉਨ੍ਹਾਂ ਨੂੰ ਮਈ 2028 ਵਿੱਚ ਚੀਫ਼ ਜਸਟਿਸ ਬਣਾਇਆ ਜਾ ਸਕਦਾ ਹੈ। ਚੀਫ਼ ਜਸਟਿਸ ਵਜੋਂ ਉਨ੍ਹਾਂ ਦਾ ਕਾਰਜਕਾਲ ਢਾਈ ਸਾਲ ਦਾ ਹੋਵੇਗਾ। ਇਸ ਤੋਂ ਪਹਿਲਾਂ ਫਰਵਰੀ 2017 ਵਿੱਚ ਘੱਟ ਗਿਣਤੀ ਭਾਈਚਾਰੇ ਵਿੱਚੋਂ ਜਸਟਿਸ ਸਈਦ ਅਬਦੁਲ ਨਜ਼ੀਰ ਦੀ ਨਿਯੁਕਤੀ ਕੀਤੀ ਗਈ ਸੀ। ਜਸਟਿਸ ਨਰੀਮਨ ਅਗਸਤ 2021 ਵਿੱਚ ਸੇਵਾਮੁਕਤ ਹੋਣ ਵਾਲੇ ਸੁਪਰੀਮ ਕੋਰਟ ਦੇ ਆਖਰੀ ਪਾਰਸੀ ਜੱਜ ਸਨ।
ਸੀਜੇਆਈ ਐਨਵੀ ਰਮਨਾ, ਜਸਟਿਸ ਯੂ ਯੂ ਲਲਿਤ, ਜਸਟਿਸ ਏਐਮ ਖਾਨਵਿਲਕਰ, ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਐਲ ਨਾਗੇਸ਼ਵਰ ਰਾਓ ਦੇ ਕੌਲਿਜੀਅਮ ਨੇ ਦੇਸ਼ ਦੀਆਂ ਵੱਖ-ਵੱਖ ਹਾਈ ਕੋਰਟਾਂ ਵਿੱਚ ਰਿਕਾਰਡ 10 ਨਵੇਂ ਚੀਫ਼ ਜਸਟਿਸਾਂ ਦੀ ਨਿਯੁਕਤੀ ਦੀ ਸਿਫ਼ਾਰਸ਼ ਕੀਤੀ ਹੈ। ਇਹ ਸਿਫ਼ਾਰਿਸ਼ ਅਗਸਤ 2021 ਵਿੱਚ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਜਸਟਿਸ ਵਿਨੀਤ ਸ਼ਰਨ ਅਗਲੇ ਕੁਝ ਦਿਨਾਂ ਬਾਅਦ ਹੀ ਸੇਵਾਮੁਕਤ ਹੋਣ ਜਾ ਰਹੇ ਹਨ। ਇਸ ਤੋਂ ਬਾਅਦ ਜੂਨ ਵਿੱਚ ਜਸਟਿਸ ਐਲ ਨਾਗੇਸ਼ਵਰ ਰਾਓ, ਜੁਲਾਈ ਵਿੱਚ ਜਸਟਿਸ ਖਾਨਵਿਲਕਰ, ਅਗਸਤ ਵਿੱਚ ਚੀਫ਼ ਜਸਟਿਸ ਰਮਨਾ, ਸਤੰਬਰ ਵਿੱਚ ਜਸਟਿਸ ਇੰਦਰਾ ਬੈਨਰਜੀ, ਅਕਤੂਬਰ ਵਿੱਚ ਜਸਟਿਸ ਹੇਮੰਤ ਗੁਪਤਾ ਅਤੇ ਨਵੰਬਰ ਵਿੱਚ ਜਸਟਿਸ ਯੂਯੂ ਲਲਿਤ ਹੋਣਗੇ।