ਤਜਿੰਦਰਪਾਲ ਬੱਗਾ ਮਾਮਲਾ : 10 ਮਈ ਨੂੰ ਮੁੜ ਹੋਵੇਗੀ ਹਾਈ ਕੋਰਟ ਵਿਚ ਸੁਣਵਾਈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ ਪੁਲਿਸ ਨੂੰ ਹਿਰਾਸਤ 'ਚ ਲੈਣ ਸਬੰਧੀ ਸੁਣਵਾਈ ਟਲੀ 

Tajinderpal Bagga

ਮੁਹਾਲੀ ਸਾਈਬਰ ਕਰਾਈਮ ਸੈੱਲ 'ਚ ਦਰਜ ਮਾਮਲੇ ਵਿਰੁੱਧ ਤਜਿੰਦਰਪਾਲ ਬੱਗਾ ਦੀ ਪਟੀਸ਼ਨ 'ਤੇ ਵੀ ਮੰਗਲਵਾਰ ਨੂੰ ਹੋਵੇਗੀ ਸੁਣਵਾਈ 
ਚੰਡੀਗੜ੍ਹ :  
ਤਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੂੰ ਹਿਰਾਸਤ 'ਚ ਲੈਣ ਦੇ ਮਾਮਲੇ ਵਿੱਚ ਹਾਈਕੋਰਟ ਵਿੱਚ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਹੁਣ ਮੰਗਲਵਾਰ ਨੂੰ ਇਸ ਮਾਮਲੇ 'ਤੇ ਮੁੜ ਸੁਣਵਾਈ ਹੋਵੇਗੀ।

ਬੀਤੇ ਦਿਨ ਬੱਗਾ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਹਰਿਆਣਾ ਦੇ ਕੁਰੂਕਸ਼ੇਤਰ 'ਚ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਰੋਕ ਲਿਆ ਸੀ ਅਤੇ ਹਾਈਕੋਰਟ ਨੇ ਇਸ ਮਾਮਲੇ ਵਿਚ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਬੱਗਾ ਨੂੰ ਘਰ ਭੇਜ ਦਿੱਤਾ ਸੀ। ਤਜਿੰਦਰਪਾਲ ਬੱਗਾ ਨੇ ਕਿਹਾ ਕਿ 1 ਨਹੀਂ ਸਗੋਂ 100 ਐਫਆਈਆਰ ਵੀ ਦਰਜ ਹੋ ਜਾਣ ਫਿਰ ਵੀ ਉਹ ਡਰਨ ਵਾਲੇ ਨਹੀਂ ਹਨ। ਉਹ ਕਾਨੂੰਨੀ ਲੜਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਤਜਿੰਦਰ ਬੱਗਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ 24 ਘੰਟਿਆਂ ਵਿੱਚ ਜੇਲ੍ਹ ਵਿੱਚ ਡੱਕ ਦਿੱਤਾ ਜਾਵੇਗਾ। ਮੈਂ ਪੁੱਛ ਰਿਹਾ ਹਾਂ ਕਿ ਹੁਣ ਤੱਕ ਅਜਿਹਾ ਕਿਉਂ ਨਹੀਂ ਕੀਤਾ ਗਿਆ? ਮੇਰਾ ਕਸੂਰ ਇਹ ਹੈ ਕਿ ਮੈਂ ਉਨ੍ਹਾਂ ਨੂੰ ਹਰ ਰੋਜ਼ ਸਵਾਲ ਪੁੱਛਦਾ ਹਾਂ। ਉਨ੍ਹਾਂ ਨੂੰ ਲੱਗਦਾ ਹੈ ਕਿ ਕੇਸ ਦਰਜ ਕਰਵਾ ਕੇ ਉਹ ਮੈਨੂੰ ਸਵਾਲ ਪੁੱਛਣ ਤੋਂ ਰੋਕ ਦੇਣਗੇ। ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਲਈ ਝੂਠ ਬੋਲਣ ਲਈ ਮੁਆਫੀ ਦੀ ਮੰਗ ਨੂੰ ਛੱਡ ਦੇਣਗੇ। ਅਸੀਂ ਰੁਕਣ ਅਤੇ ਡਰਨ ਵਾਲੇ ਨਹੀਂ ਹਾਂ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਦੋ ਅਰਜ਼ੀਆਂ ਦਿੱਤੀਆਂ ਹਨ। ਪਹਿਲੀ ਅਰਜ਼ੀ ਵਿੱਚ ਮਾਮਲੇ ਨਾਲ ਸਬੰਧਤ ਸੀਸੀਟੀਵੀ ਫੁਟੇਜ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਗਈ ਹੈ। ਇਸ 'ਚ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਿਪਲੀ ਥਾਣੇ ਅਤੇ ਕੁਰੂਕਸ਼ੇਤਰ ਹਾਈਵੇਅ ਦੀ ਸੀਸੀਟੀਵੀ ਫੁਟੇਜ ਦਾ ਮਾਮਲਾ ਸਾਹਮਣੇ ਆਇਆ ਹੈ।

ਦੂਜੀ ਅਰਜ਼ੀ ਵਿੱਚ ਭਾਜਪਾ ਆਗੂ ਤਜਿੰਦਰ ਬੱਗਾ ਅਤੇ ਦਿੱਲੀ ਪੁਲਿਸ ਨੂੰ ਪਾਰਟੀ ਬਣਾਉਣ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਕੱਲ੍ਹ ਹੀ ਦਿੱਲੀ ਪੁਲਿਸ ਦੀ ਤਰਫੋਂ ਐਡਵੋਕੇਟ ਸਤਿਆਪਾਲ ਜੈਨ ਪੇਸ਼ ਹੋਏ ਹਨ। ਪੰਜਾਬ ਸਰਕਾਰ ਨੇ ਪਹਿਲਾਂ ਹਰਿਆਣਾ ਪੁਲਿਸ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ।
ਮੁਹਾਲੀ ਸਾਈਬਰ ਕ੍ਰਾਈਮ ਸੈੱਲ 'ਚ ਦਰਜ ਮਾਮਲੇ ਨੂੰ ਲੈ ਕੇ ਤਜਿੰਦਰ ਬੱਗਾ ਨੇ ਹਾਈਕੋਰਟ 'ਚ ਵੀ ਪਟੀਸ਼ਨ ਦਾਇਰ ਕੀਤੀ ਹੈ । ਇਸ ਦੀ ਸੁਣਵਾਈ ਵੀ ਮੰਗਲਵਾਰ ਨੂੰ ਹੋਵੇਗੀ।

ਤਜਿੰਦਰ ਬੱਗਾ ਨੂੰ ਇਸ ਮਾਮਲੇ ਵਿੱਚ ਅਜੇ ਕੋਈ ਅੰਤਰਿਮ ਰਾਹਤ ਨਹੀਂ ਮਿਲੀ ਹੈ। ਇਸ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅੱਜ ਫਿਰ ਸੁਣਵਾਈ ਹੋਣੀ ਸੀ। ਇਸ ਵਿਚ ਦਿੱਲੀ ਅਤੇ ਹਰਿਆਣਾ ਵਿਚ ਪੰਜਾਬ ਪੁਲਿਸ ਦੀ ਹਿਰਾਸਤ ਦਾ ਮਾਮਲਾ ਹਾਈਕੋਰਟ ਵਿਚ ਬਹਿਸ ਹੋਣੀ ਸੀ। ਇਸ ਮਾਮਲੇ ਵਿੱਚ ਹਰਿਆਣਾ ਪੁਲਿਸ ਅਤੇ ਦਿੱਲੀ ਪੁਲਿਸ ਨੇ ਹਾਈਕੋਰਟ ਵਿੱਚ ਹਲਫਨਾਮਾ ਦਾਇਰ ਕੀਤਾ ਹੈ। ਬੀਤੇ ਦਿਨੀਂ ਹਾਈਕੋਰਟ 'ਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਸੀ।

ਹਾਈ ਕੋਰਟ ਨੇ ਬੱਗਾ ਨੂੰ ਹਰਿਆਣਾ ਤੋਂ ਦਿੱਲੀ ਲਿਜਾਣ ਤੋਂ ਰੋਕਣ ਦੀ ਪੰਜਾਬ ਸਰਕਾਰ ਦੀ ਮੰਗ ਨੂੰ ਠੁਕਰਾ ਦਿੱਤਾ ਸੀ। ਹੁਣ ਇਸ ਮਾਮਲੇ 'ਤੇ ਮੰਗਲਵਾਰ ਨੂੰ ਮੁੜ ਸੁਣਵਾਈ ਹੋਵੇਗੀ। ਤਜਿੰਦਰਪਾਲ ਬੱਗਾ ਨੂੰ ਸ਼ੁੱਕਰਵਾਰ ਅੱਧੀ ਰਾਤ ਨੂੰ 12.35 ਵਜੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਦਿੱਲੀ ਤੋਂ ਘਰ ਭੇਜ ਦਿੱਤਾ ਗਿਆ। ਬੱਗਾ ਹੁਣ ਦਿੱਲੀ ਪੁਲਿਸ ਦੀ ਸੁਰੱਖਿਆ ਹੇਠ ਹੋਣਗੇ। ਸੱਟ ਕਾਰਨ ਬੱਗਾ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਸੋਮਵਾਰ ਸਵੇਰ ਤੱਕ ਦਾ ਸਮਾਂ ਦਿੱਤਾ ਗਿਆ ਹੈ।