ਇੰਦੌਰ 'ਚ ਦਰਦਨਾਕ ਹਾਦਸਾ, 2 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 7 ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ

Tragic accident in Indore

 

ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਦੋ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 6 ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ। ਕਈਆਂ ਦੀ ਜ਼ਿੰਦਾ ਸੜਨ ਅਤੇ ਕਈਆਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਇਹ ਇਮਾਰਤ ਸੰਘਣੀ ਆਬਾਦੀ ਵਾਲੇ ਖੇਤਰ ਦੇ ਵਿਚਕਾਰ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਰਕਿੰਗ ਵਿੱਚ ਵੀ ਅੱਗ ਲੱਗ ਗਈ ਸੀ।

 

 

ਲੋਕਾਂ ਨੂੰ ਭੱਜਣ ਲਈ ਥਾਂ ਨਾ ਮਿਲੀ ਤਾਂ ਉਨ੍ਹਾਂ ਨੇ ਗੈਲਰੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹੁਣ ਤੱਕ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਰਾਤ ਨੂੰ ਬਿਜਲੀ ਗੁੱਲ ਸੀ। ਬਿਜਲੀ ਆਉਣ 'ਤੇ MCB ਨੂੰ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ।

ਪੁਲਿਸ ਮੁਤਾਬਕ ਬਚਾਅ ਦਲ ਨੇ ਇਸ ਅੱਗ ਤੋਂ 9 ਲੋਕਾਂ ਨੂੰ ਵੀ ਬਚਾਇਆ ਹੈ। 12 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ 7 ਦੀ ਮੌਤ ਹੋ ਚੁੱਕੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਨੂੰ ਤਿੰਨ-ਚਾਰ ਵਾਰ ਬੁਲਾਇਆ ਗਿਆ ਸੀ। ਇਸ ਦੇ ਬਾਵਜੂਦ ਕਰੀਬ ਇਕ ਘੰਟੇ ਬਾਅਦ ਫਾਇਰ ਬ੍ਰਿਗੇਡ ਪਹੁੰਚੀ। ਆਸ-ਪਾਸ ਦੇ ਲੋਕਾਂ ਨੇ ਰੱਸੀ ਦੀ ਮਦਦ ਨਾਲ ਕੁਝ ਲੋਕਾਂ ਨੂੰ ਇਮਾਰਤ ਤੋਂ ਹੇਠਾਂ ਲਿਆਂਦਾ।

ਮਰਨ ਵਾਲਿਆਂ ਵਿੱਚ ਈਸ਼ਵਰ ਸਿੰਘ ਸਿਸੋਦੀਆ (45), ਨੀਤੂ ਸਿਸੋਦੀਆ (45), ਆਸ਼ੀਸ਼ (30), ਗੌਰਵ (38) ਅਤੇ ਆਕਾਂਸ਼ਾ ਅਗਰਵਾਲ (25) ਸ਼ਾਮਲ ਹਨ। ਦੇਵਾਸ ਦੀ ਰਹਿਣ ਵਾਲੀ ਆਕਾਂਸ਼ਾ ਨੇ 15 ਦਿਨ ਪਹਿਲਾਂ ਆਪਣਾ ਜਨਮਦਿਨ ਮਨਾਇਆ ਸੀ। ਜਸ਼ਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਮਰਨ ਵਾਲਿਆਂ ਵਿਚ 40 ਅਤੇ 45 ਸਾਲ ਦੇ ਦੋ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਮਰਨ ਵਾਲਿਆਂ ਵਿੱਚ ਇੱਕ ਜੋੜਾ ਵੀ ਸ਼ਾਮਲ ਹੈ। ਈਸ਼ਵਰ ਸਿੰਘ ਸਿਸੋਦੀਆ ਅਤੇ ਨੀਤੂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।