ਸਾਲ 2024 ਦੀ ਗਣਤੰਤਰ ਦਿਵਸ ਪਰੇਡ 'ਚ ਸਿਰਫ਼ ਔਰਤਾਂ ਲੈਣਗੀਆਂ ਹਿੱਸਾ, ਝਾਕੀਆਂ ਤੱਕ ਦਿਖੇਗੀ 'ਮਹਿਲਾ ਸ਼ਕਤੀ'

ਏਜੰਸੀ

ਖ਼ਬਰਾਂ, ਰਾਸ਼ਟਰੀ

- ਰੱਖਿਆ ਮੰਤਰਾਲੇ ਨੇ ਆਰਮਡ ਫੋਰਸ ਨੂੰ ਪੱਤਰ ਲਿਖ ਕੇ ਦਿੱਤੀ ਜਾਣਕਾਰੀ

Only women will participate in the Republic Day Parade of 2024

ਨਵੀਂ ਦਿੱਲੀ - 26 ਜਨਵਰੀ 2024 ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ 'ਚ ਸਿਰਫ਼ ਔਰਤਾਂ ਹੀ ਸ਼ਾਮਲ ਹੋਣਗੀਆਂ। ਪਰੇਡ ਤੋਂ ਇਲਾਵਾ ਮਾਰਚਿੰਗ ਸਕੁਐਡ, ਝਾਕੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਸਿਰਫ਼ ਔਰਤਾਂ ਹੀ ਨਜ਼ਰ ਆਉਣਗੀਆਂ। ਰੱਖਿਆ ਮੰਤਰਾਲੇ ਨੇ ਪਰੇਡ ਵਿਚ ਹਿੱਸਾ ਲੈਣ ਵਾਲੇ ਫੌਜੀ ਬਲਾਂ ਅਤੇ ਹੋਰ ਵਿਭਾਗਾਂ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ। 

ਪਿਛਲੇ ਕੁੱਝ ਸਾਲਾਂ ਵਿਚ ਕੇਂਦਰ ਸਰਕਾਰ ਨੇ ਔਰਤਾਂ ਨੂੰ ਕਮਾਂਡ ਸੌਂਪਣ ਅਤੇ ਉਨ੍ਹਾਂ ਨੂੰ ਭਵਿੱਖ ਦੀ ਅਗਵਾਈ ਲਈ ਤਿਆਰ ਕਰਨ ਦੇ ਉਦੇਸ਼ ਨਾਲ ਹਥਿਆਰਬੰਦ ਬਲਾਂ ਵਿਚ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਵੱਡੇ ਫ਼ੈਸਲੇ ਲਏ ਹਨ। ਪਿਛਲੇ ਮਹੀਨੇ 29 ਅਪ੍ਰੈਲ ਨੂੰ ਪੰਜ ਮਹਿਲਾ ਅਧਿਕਾਰੀਆਂ ਨੂੰ ਆਰਟਿਲਰੀ ਰੈਜੀਮੈਂਟ ਵਿਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ ਪਾਕਿਸਤਾਨ ਅਤੇ ਚੀਨ ਦੀ ਸਰਹੱਦ 'ਤੇ ਤਾਇਨਾਤ ਕੀਤਾ ਗਿਆ ਹੈ। 

ਗਣਤੰਤਰ ਦਿਵਸ ਪਰੇਡ ਵਿਚ ਔਰਤਾਂ ਦੀ ਭਾਗੀਦਾਰੀ ਵਧਾਉਣ ਦਾ ਫ਼ੈਸਲਾ 7 ਫਰਵਰੀ ਨੂੰ ਹੋਈ ‘ਡੀ-ਬ੍ਰੀਫਿੰਗ ਮੀਟਿੰਗ’ ਵਿਚ ਲਿਆ ਗਿਆ। ਰੱਖਿਆ ਸਕੱਤਰ ਗਿਰਿਧਰ ਅਰਮਾਨੇ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਸੈਨਾ, ਜਲ ਸੈਨਾ, ਹਵਾਈ ਸੈਨਾ, ਗ੍ਰਹਿ ਮੰਤਰਾਲੇ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ, ਸੱਭਿਆਚਾਰ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਨੁਮਾਇੰਦੇ ਸ਼ਾਮਲ ਹੋਏ।

ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਗਣਤੰਤਰ ਦਿਵਸ ਪਰੇਡ 2024 ਵਿਚ ਡਿਊਟੀ ਲਾਈਨ 'ਤੇ ਪਰੇਡ ਦੌਰਾਨ ਟੁਕੜੀਆਂ (ਮਾਰਚਿੰਗ ਅਤੇ ਬੈਂਡ), ਝਾਂਕੀ ਅਤੇ ਹੋਰ ਪ੍ਰਦਰਸ਼ਨੀਆਂ ਵਿਚ ਸਿਰਫ਼ ਔਰਤਾਂ ਹੀ ਭਾਗ ਲੈਣਗੀਆਂ। ਮਾਰਚ ਵਿਚ ਰੱਖਿਆ ਮੰਤਰਾਲੇ ਨੇ ਇਸ ਸਬੰਧ ਵਿਚ ਇੱਕ ਪੱਤਰ ਵੀ ਭੇਜਿਆ ਸੀ।

ਭਾਰਤ ਨੇ ਇਸ ਸਾਲ 26 ਜਨਵਰੀ 2023 ਨੂੰ ਆਯੋਜਿਤ 74ਵੇਂ ਗਣਤੰਤਰ ਦਿਵਸ ਪਰੇਡ ਵਿਚ ਕੇਰਲ, ਕਰਨਾਟਕ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਤ੍ਰਿਪੁਰਾ ਦੀ ਝਾਂਕੀ ਵਿਚ 'ਮਹਿਲਾ ਸ਼ਕਤੀ' ਨੂੰ ਮੁੱਖ ਵਿਸ਼ਾ ਰੱਖਿਆ ਸੀ। ਪਹਿਲੀ ਵਾਰ 144 ਮਲਾਹਾਂ ਦੀ ਟੁਕੜੀ ਦੀ ਅਗਵਾਈ ਲੈਫਟੀਨੈਂਟ ਕਮਾਂਡਰ ਦਿਸ਼ਾ ਅੰਮ੍ਰਿਤ ਨੇ ਕੀਤੀ। 3 ਔਰਤਾਂ ਅਤੇ 6 ਪੁਰਸ਼ ਅਗਨੀਵੀਰਾਂ ਨੂੰ ਪਹਿਲੀ ਵਾਰ ਡਿਊਟੀ ਮਾਰਗ 'ਤੇ ਦੇਖਿਆ ਗਿਆ। 

ਭਾਰਤੀ ਫੌਜ ਦੇ ਅਨੁਸਾਰ, ਕਰਨਲ ਗੀਤਾ ਰਾਣਾ ਹਾਲ ਹੀ ਵਿਚ ਚੀਨ ਦੀ ਸਰਹੱਦ ਨਾਲ ਲੱਗਦੇ ਸੰਵੇਦਨਸ਼ੀਲ ਲੱਦਾਖ ਖੇਤਰ ਵਿਚ ਇੱਕ ਯੂਨਿਟ ਦੀ ਕਮਾਂਡ ਕਰਨ ਵਾਲੀ ਪਹਿਲੀ ਮਹਿਲਾ ਫੌਜੀ ਅਧਿਕਾਰੀ ਬਣ ਗਈ ਹੈ। ਇਸ ਤੋਂ ਇਲਾਵਾ ਫੌਜ ਨੇ ਇਸ ਸਾਲ ਪਹਿਲੀ ਵਾਰ ਇਕ ਮਹਿਲਾ ਅਧਿਕਾਰੀ ਕੈਪਟਨ ਸ਼ਿਵਾ ਚੌਹਾਨ ਨੂੰ ਦੁਨੀਆ ਦੇ ਸਭ ਤੋਂ ਉੱਚੇ ਅਤੇ ਸਭ ਤੋਂ ਠੰਡੇ ਜੰਗੀ ਮੈਦਾਨ ਸਿਆਚਿਨ 'ਤੇ ਤਾਇਨਾਤ ਕੀਤਾ ਹੈ। ਫੌਜ ਨੇ 27 ਮਹਿਲਾ ਸ਼ਾਂਤੀ ਰੱਖਿਅਕਾਂ ਦੀ ਸਭ ਤੋਂ ਵੱਡੀ ਟੁਕੜੀ ਵੀ ਸੁਡਾਨ ਦੇ ਵਿਵਾਦਤ ਖੇਤਰ ਅਬੇਈ ਵਿੱਚ ਤਾਇਨਾਤ ਕੀਤੀ ਹੈ।