Jammu Kashmir News: ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁੱਠਭੇੜ ਦੂਜੇ ਦਿਨ ਵੀ ਜਾਰੀ, ਤਲਾਸ਼ੀ ਮੁਹਿੰਮ ਤੇਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਬਲਾਂ ਨੇ ਸੋਮਵਾਰ ਦੇਰ ਰਾਤ ਤੋਂ ਪੂਰੇ ਇਲਾਕੇ ਨੂੰ ਘੇਰ ਰੱਖਿਆ ਹੈ।

Encounter underway in Jammu-Kashmir's Kulgam

Jammu Kashmir News: ਕੁਲਗਾਮ ਜ਼ਿਲ੍ਹੇ ਦੇ ਰੇਦਵਾਨੀ ਪਾਈਨ ਇਲਾਕੇ 'ਚ ਸੋਮਵਾਰ ਦੇਰ ਰਾਤ ਤੋਂ ਅਤਿਵਾਦੀਆਂ ਨਾਲ ਸ਼ੁਰੂ ਹੋਇਆ ਮੁਕਾਬਲਾ ਮੰਗਲਵਾਰ ਨੂੰ ਵੀ ਜਾਰੀ ਹੈ। ਸੁਰੱਖਿਆ ਬਲਾਂ ਨੇ ਸੋਮਵਾਰ ਦੇਰ ਰਾਤ ਤੋਂ ਪੂਰੇ ਇਲਾਕੇ ਨੂੰ ਘੇਰ ਰੱਖਿਆ ਹੈ। ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋ ਰਹੀ ਹੈ।

ਪੁਲਿਸ ਨੇ ਦਸਿਆ ਕਿ ਰੇਦਵਾਨੀ ਇਲਾਕੇ 'ਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਸੁਰੱਖਿਆ ਬਲਾਂ ਨੇ ਪੂਰੇ ਪਿੰਡ ਨੂੰ ਘੇਰ ਲਿਆ। ਪਿੰਡ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਦੇ ਸਾਰੇ ਰਸਤੇ ਸੀਲ ਕਰ ਦਿਤੇ ਗਏ ਹਨ। ਘੇਰਾਬੰਦੀ ਸਖ਼ਤ ਹੁੰਦੀ ਦੇਖ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿਤੀ। ਹਾਲਾਂਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਕੋਈ ਅਤਿਵਾਦੀ ਮਾਰਿਆ ਨਹੀਂ ਗਿਆ ਹੈ। ਹਨੇਰਾ ਹੋਣ ਕਾਰਨ ਸੁਰੱਖਿਆ ਬਲਾਂ ਵਲੋਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਵਾਧੂ ਚੌਕਸੀ ਵਰਤੀ ਜਾ ਰਹੀ ਹੈ। ਮੰਗਲਵਾਰ ਨੂੰ ਇਕ ਵਾਰ ਗੋਲੀਬਾਰੀ ਸ਼ੁਰੂ ਹੋ ਗਈ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਸ਼ਾਮ ਪੁੰਛ ਜ਼ਿਲੇ ਦੀ ਸੁਰਨਕੋਟ ਤਹਿਸੀਲ ਦੇ ਦਾਨਾ ਸ਼ਾਹਸਿਤਰ ਇਲਾਕੇ 'ਚ ਹਵਾਈ ਫੌਜ ਦੇ ਵਾਹਨਾਂ 'ਤੇ ਅਤਿਵਾਦੀ ਹਮਲਾ ਕੀਤਾ ਗਿਆ। ਇਸ ਹਮਲੇ 'ਚ 5 ਹਵਾਈ ਫੌਜੀ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿਚ ਵਿੱਕੀ ਪਹਾੜੇ ਸ਼ਹੀਦ ਹੋ ਗਿਆ। ਹਮਲੇ ਦੇ ਬਾਅਦ ਤੋਂ ਸੁਰਨਕੋਟ ਅਤੇ ਮੇਂਢਰ ਦੇ 20 ਕਿਲੋਮੀਟਰ ਖੇਤਰ ਨੂੰ ਘੇਰ ਲਿਆ ਗਿਆ ਹੈ। ਡਰੋਨ ਦੀ ਵੀ ਮਦਦ ਲਈ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਫੌਜ, ਜੰਮੂ-ਕਸ਼ਮੀਰ ਪੁਲਿਸ ਅਤੇ ਐਸਓਜੀ ਦੇ ਇਕ ਹਜ਼ਾਰ ਤੋਂ ਵੱਧ ਜਵਾਨਾਂ ਨੇ ਖੇਤਰ ਵਿਚ ਸਥਿਤੀ ਬਣਾਈ ਰੱਖੀ ਹੈ।

ਇਸ ਮਗਰੋਂ ਸੋਮਵਾਰ ਨੂੰ ਫੌਜ ਨੇ ਦੋ ਅਤਿਵਾਦੀਆਂ ਦੇ ਸਕੈਚ ਜਾਰੀ ਕੀਤੇ। ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜੋ ਵੀ ਇਨ੍ਹਾਂ ਅਤਿਵਾਦੀਆਂ ਦੇ ਟਿਕਾਣੇ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ 20 ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ। ਇਸ ਦੇ ਨਾਲ ਹੀ ਕੁੱਝ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

(For more Punjabi news apart from Encounter underway in Jammu-Kashmir's Kulgam , stay tuned to Rozana Spokesman)