ਸੀਬੀਆਈ ਵਲੋਂ ਚਿਦੰਬਰਮ ਕੋਲੋਂ ਚਾਰ ਘੱਟੇ ਤਕ ਪੁੱਛ-ਪੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਈਐਨਐਕਸ ਮੀਡੀਆ ਨੂੰ ਦਿਤੀ ਨਿਵੇਸ਼ ਦੀ ਮਨਜ਼ੂਰੀ ਸਬੰਧੀ ਸਾਬਕਾ ਕੇਂਦਰੀ ਵਿਤ ਮੰਤਰੀ ਪੀ. ਚਿਦੰਬਰਮ ਅੱਜ ਪੁੱਛ-ਪੜਤਾਲ ਲਈ ਸੀਬੀਆਈ ਸਾਹਮਣੇ ਪੇਸ਼ ਹੋਏ...

P Chidambaram

ਨਵੀਂ ਦਿੱਲੀ,  ਆਈਐਨਐਕਸ ਮੀਡੀਆ ਨੂੰ ਦਿਤੀ ਨਿਵੇਸ਼ ਦੀ ਮਨਜ਼ੂਰੀ ਸਬੰਧੀ ਸਾਬਕਾ ਕੇਂਦਰੀ ਵਿਤ ਮੰਤਰੀ ਪੀ. ਚਿਦੰਬਰਮ ਅੱਜ ਪੁੱਛ-ਪੜਤਾਲ ਲਈ ਸੀਬੀਆਈ ਸਾਹਮਣੇ ਪੇਸ਼ ਹੋਏ। ਸੀਬੀਆਈ ਨੇ ਆਈਐਨਐਕਸ ਮੀਡੀਆ ਵਿਚ ਵਿਦੇਸ਼ੀ ਨਿਵੇਸ਼ ਨੂੰ ਪ੍ਰਵਾਨਗੀ ਦੇਣ ਵਿਚ ਹੋਈ ਗੜਬੜ ਦੇ ਸਿਲਸਿਲੇ ਵਿਚ ਅੱਜ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨਾਲ ਕਰੀਬ ਚਾਰ ਘੰਟੇ ਪੁੱਛ-ਪੜਤਾਲ ਕੀਤੀ। ਇਹ ਕਥਿਤ ਗੜਬੜ ਚਿਦੰਬਰਮ ਦੇ ਕਾਰਜਕਾਲ ਦੌਰਾਨ ਹੋਈ ਸੀ। 

ਸੂਤਰਾਂ ਨੇ ਦਸਿਆ ਕਿ ਸੀਬੀਆਈ ਨੇ ਸਾਬਕਾ ਮੀਡੀਆ ਕਾਰੋਬਾਰੀ ਪੀਟਰ ਮੁਖਰਜੀ ਅਤੇ ਉਸ ਦੀ ਪਤਨੀ ਇੰਦਰਾਣੀ ਮੁਖਰਜੀ ਦੀ ਕੰਪਨੀ ਆਈਐਨਐਕਸ ਮੀਡੀਆ ਵਿਚ ਵਿਦੇਸ਼ੀ ਨਿਵੇਸ਼ ਦੀ ਪ੍ਰਵਾਨਗੀ ਦੇਣ ਦੀ ਕਵਾਇਦ ਵਿਚ ਬੇਨਿਯਮੀਆਂ ਹੋਣ ਦਾ ਦੋਸ਼ ਲਾਇਆ ਹੈ। ਸੀਬੀਆਈ ਦੋਹਾਂ ਦੀ ਬੇਟੀ ਸ਼ੀਨਾ ਬੋਰਾ ਦੀ ਹਤਿਆ ਦੇ ਮਾਮਲੇ ਵਿਚ ਜਾਂਚ ਕਰ  ਰਹੀ ਹੈ। 

ਸੀਬੀਆਈ ਮੁੱਖ ਦਫ਼ਤਰ ਵਿਚੋਂ ਬਾਹਰ ਆਉਣ ਮਗਰੋਂ ਚਿਦੰਬਰਮ ਨੇ ਕਿਹਾ ਕਿ ਉਹ ਸੀਬੀਆਈ ਸਾਹਮਣੇ ਪੇਸ਼ ਹੋਏ ਅਤੇ ਪਰਚੇ ਵਿਚ ਉਨ੍ਹਾਂ ਵਿਰੁਧ ਕੋਈ ਦੋਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਵਾਲ ਜਵਾਬ ਐਫ਼ਆਈਪੀਬੀ ਦੀਆਂ ਫ਼ਾਈਲਾਂ 'ਤੇ ਆਧਾਰਤ ਸਨ, ਇਸ ਲਈ ਰੀਕਾਰਡ ਵਿਚ ਪਾਉਣ ਵਾਸਤੇ ਕੁੱਝ ਨਹੀਂ ਸੀ। (ਏਜੰਸੀ)