ਸਾਬਕਾ ਡੀਆਈਜੀ, ਡੀਐਸਪੀ ਸਮੇਤ ਪੰਜ ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ
12 ਸਾਲਾ ਪੁਰਾਣੇ ਬਹੁਚਰਚਿਤ ਜੰਮੂ ਕਸ਼ਮੀਰ ਸੈਕਸ ਸਕੈਂਡਲ ਮਾਮਲੇ ਵਿਚ ਚੰਡੀਗੜ ਸੀਬੀਆਈ ਅਦਾਲਤ ਨੇ ਵੀਰਵਾਰ ਸਜ਼ਾ ਤੇ ਫ਼ੈਸਲਾ ਸੁਣਾਉਂਦੇ ਹੋਏ ਪੰਜ ਦੋਸ਼ੀਆਂ ....
ਚੰਡੀਗੜ੍ਹ, 12 ਸਾਲਾ ਪੁਰਾਣੇ ਬਹੁਚਰਚਿਤ ਜੰਮੂ ਕਸ਼ਮੀਰ ਸੈਕਸ ਸਕੈਂਡਲ ਮਾਮਲੇ ਵਿਚ ਚੰਡੀਗੜ ਸੀਬੀਆਈ ਅਦਾਲਤ ਨੇ ਵੀਰਵਾਰ ਸਜ਼ਾ ਤੇ ਫ਼ੈਸਲਾ ਸੁਣਾਉਂਦੇ ਹੋਏ ਪੰਜ ਦੋਸ਼ੀਆਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।ਦੋਸ਼ੀਆਂ ਵਿਚ ਬੀਐਸਐਫ਼ ਦੇ ਸਾਬਕਾ ਡੀਆਈਜੀ ਅਤੇ ਡੀਐਸਪੀ ਸਮੇਤ ਪੰਜ ਲੋਕਾਂ ਨੂੰ ਅਦਾਲਤ ਨੇ ਜ਼ੁਰਮਾਨਾ ਵੀ ਠੋਕਿਆ ਹੈ। ਅਦਾਲਤ ਵਲੋਂ ਬੀਤੀ 30 ਮਈ ਨੂੰ ਪੰਜਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ ਜਦਕਿ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਬਰੀ ਕਰ ਦਿਤੇ ਗਏ ਸਨ ।
ਸਜ਼ਾ ਪਾਉਣ ਵਾਲਿਆਂ ਵਿਚ ਬੀਐਸਐਫ ਦੇ ਸਾਬਕਾ ਡਿਪਟੀ ਇੰਸਪੈਕਟਰ ਜਨਰਲ ਕੇਐਸ ਪਾੜੀ, ਸਾਬਕਾ ਡਿਪਟੀ ਸੁਪਰਟੇਂਡੇਂਟ ਆਫ ਪੁਲਿਸ ਮੁਹੰਮਦ ਅਸ਼ਰਫ ਮੀਰ ਅਤੇ ਤਿੰਨ ਸਥਾਨਕ ਨੌਜਵਾਨ ਸ਼ਬੀਰ ਅਹਿਮਦ ਲੇਵਾਏ , ਸ਼ਬੀਰ ਅਹਿਮਦ ਲਾਂਗਹੂ ਅਤੇ ਮੌਸਾਦ ਅਹਿਮਦ ਹਨ। ਅੱਜ ਫ਼ੈਸਲੇ ਦੌਰਾਨ ਪੰਜੇ ਦੋਸ਼ੀ ਅਦਾਲਤ ਵਿਚ ਮੌਜੂਦ ਸਨ। ਇਹ ਮਾਮਲਾ ਸ਼੍ਰੀਨਗਰ ਵਿਚ ਸਾਲ 2006 ਵਿਚ ਉਸ ਵਕਤ ਸਾਹਮਣੇ ਆਇਆ ਸੀ ਜਦੋਂ 15 ਸਾਲਾ ਮੁਟਿਆਰ ਨਾਲ ਹੋਏ ਕੁਕਰਮ ਦੀ ਅਸ਼ਲੀਲ ਸੀਡੀ ਪੁਲਿਸ ਨੂੰ ਸੌਂਪੀ ਗਈ ਜਿਸ ਦੇ ਬਾਅਦ ਰਾਜ ਵਿਚ ਸੈਕਸ ਸਕੈਂਡਲ ਵਿਚ ਕਈ ਵੀਵੀਆਈਪੀ ਲੋਕਾਂ ਦੀ ਸਮੂਲੀਅਤ ਦਾ ਰਾਜ ਖੁਲ੍ਹਿਆ ਸੀ।
ਮਾਮਲੇ ਵਿਚ ਕਈਂ ਮੰਤਰੀਆਂ ਦਾ ਨਾਮ ਵੀ ਸਾਹਮਣੇ ਆਇਆ ਸੀ ਜਿਸ ਦੇ ਬਾਅਦ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਚੰਡੀਗੜ੍ਹ• ਸੀ ਬੀ ਆਈ ਅਦਾਲਤ ਨੂੰ ਸੌਂਪ ਦਿਤੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਗਰੋਹ ਦੇ ਸਰਗਨਾ ਸਬੀਨਾ ਅਤੇ ਦੋ ਲੜਕੀਆਂ ਦੇ ਨਾਲ ਪੁੱਛਗਿਛ ਕੀਤੀ। ਪੁਛਗਿਛ ਦੇ ਬਾਅਦ 56 ਲੋਕਾਂ ਦੇ ਬਾਰੇ ਵਿੱਚ ਪਤਾ ਲੱਗਾ ਜੋ ਇਸ ਸੈਕਸ ਰੈਕੇਟ ਵਿਚ ਸ਼ਾਮਲ ਸਨ ।
ਮਾਮਲੇ ਦੀ ਸੁਣਵਾਈ ਦੌਰਾਨ ਬਾਕੀ ਮੁਲਜ਼ਮਾਂ ਵਿਰੁਧ ਦੋਸ਼ ਸਿੱਧ ਨਾ ਹੋਣ ਕਾਰਨ ਬਰੀ ਕਰ ਦਿਤਾ ਗਿਆ ਸੀ।ਸਬੀਨਾ ਅਤੇ ਉਸਦੇ ਪਤੀ ਅਬਦੁਲ ਹਮੀਦ ਬੁੱਲਾਹ ਇਹ ਰੈਕੇਟ ਚਲਾ ਰਹੇ ਸਨ ਜਿਨ੍ਹਾਂ ਤੇ ਉਸੇ ਸਮੇਂ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਦੋਹਾਂ ਦੀ ਕੇਸ ਦੇ ਦੌਰਾਨ ਹੀ ਮੌਤ ਹੋ ਗਈ । ਇਹ ਵੀ ਦੱਸਣਯੋਗ ਹੈ ਕਿ ਇਸ ਸਕੈਂਡਲ ਵਿਚ ਸ਼ਮੂਲੀਅਤ ਦੇ ਦੋਸ਼ਾਂ ਕਾਰਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਸਾਲ 2009 ਵਿਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਭਾਵੇਂ ਕਿ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ।