ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਨਾਲ ਮੁਲਾਕਾਤ ਕਰ ਕੇ ਸੂਬੇ ਦੇ ਗੰਨਾ ਕਿਸਾਨਾਂ...

Sukhjinder Singh Randhava meets Radha Mohan Singh

ਨਵੀਂ ਦਿੱਲੀ,  ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਨਾਲ ਮੁਲਾਕਾਤ ਕਰ ਕੇ ਸੂਬੇ ਦੇ ਗੰਨਾ ਕਿਸਾਨਾਂ ਲਈ 876.43 ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕੀਤੀ। ਜਿਸ ਨੂੰ ਸਵਿਕਾਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਭਰ ਦੇ ਗੰਨਾ ਕਿਸਾਨਾਂ ਨੂੰ 8000 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਪੰਜਾਬ ਦੇ ਗੰਨਾ ਕਿਸਾਨਾਂ ਦੀ ਵੀ ਮੰਗ ਪੂਰੀ ਕਰ ਦਿਤੀ ਜਾਵੇਗੀ। 

ਸ. ਰੰਧਾਵਾ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਨਵੀਂ ਦਿੱਲੀ ਸਥਿਤ ਕ੍ਰਿਸ਼ੀ ਭਵਨ ਵਿਖੇ ਮੁਲਾਕਾਤ ਕਰ ਕੇ ਕਿਸਾਨਾਂ ਲਈ ਹੋਰ ਵੀ ਕਈ ਮਸਲੇ ਉਠਾਏ। ਅੱਜ ਇਥੇ ਸ. ਰੰਧਾਵਾ ਨੇ ਦਸਿਆ ਕਿ ਉਨ੍ਹਾਂ ਵਲੋਂ ਅੱਜ ਦੀ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਨੂੰ ਪੰਜਾਬ ਦੇ ਗੰਨਾ ਕਿਸਾਨਾਂ ਨੂੰ 876.43 ਕਰੋੜ ਰੁਪਏ ਦਾ ਪੈਕੇਜ ਦੇਣ ਸਬੰਧੀ ਅਰਧ ਸਰਕਾਰੀ ਪੱਤਰ ਸੌਂਪਿਆ ਹੈ, ਜਿਸ ਵਿਚ ਸੂਬੇ ਦੀਆਂ ਸਹਿਕਾਰੀ ਸ਼ੂਗਰ ਮਿੱਲਾਂ ਦੇ ਕਿਸਾਨਾਂ ਲਈ 298.43 ਕਰੋੜ ਰੁਪਏ ਅਤੇ ਸੱਤ ਨਿਜੀ ਸ਼ੂਗਰ ਮਿੱਲਾਂ ਦੇ ਕਿਸਾਨਾਂ ਦਾ 578 ਕਰੋੜ ਰੁਪਏ ਸ਼ਾਮਲ ਸੀ।

ਸ. ਰੰਧਾਵਾ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਮੰਤਰੀ ਕੋਲ ਇਹ ਵੀ ਮੰਗ ਚੁੱਕੀ ਕਿ ਸੂਬੇ ਦੀਆਂ ਸਮੂਹ 3367 ਪ੍ਰਾਇਮਰੀ ਸਹਿਕਾਰੀ ਸੁਸਾਇਟੀਆਂ ਦੇ ਕੰਪਿਊਟਰੀਕਰਨ ਲਈ ਭਾਰਤ ਸਰਕਾਰ ਦੇ ਹਿੱਸੇ ਦਾ ਫ਼ੰਡ ਜਾਰੀ ਕੀਤਾ ਜਾਵੇ ਤਾਂ ਜੋ ਇਸ ਨਿਸ਼ਾਨੇ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਇਸ ਸਬੰਧੀ ਵੀ ਅਰਧ ਸਰਕਾਰੀ ਪੱਤਰ ਵੀ ਸੌਂਪਿਆ। ਉਨ੍ਹਾਂ ਅੱਜ ਕੇÎਦਰੀ ਮੰਤਰੀ ਕੋਲ ਡੇਅਰੀ ਫਾਰਮਜ਼ ਲਈ ਵੀ ਮੁੱਦਾ ਉਠਾਇਆ ਕਿ ਫ਼ਸਲਾਂ ਵਾਂਗ ਦੁੱਧ ਦੀਆਂ ਵੀ ਘੱਟੋ-ਘੱਟ ਕੀਮਤਾਂ ਨਿਰਧਾਰਤ ਕੀਤੀਆਂ ਜਾਣ ਤਾਂ ਜੋ ਕਿਸੇ ਵੇਲੇ ਦੁੱਧ ਦੀਆਂ ਕੀਮਤਾਂ ਘੱਟਣ ਦੀ ਸੂਰਤ ਵਿਚ ਡੇਅਰੀ ਫਾਰਮਜ਼ ਨੂੰ ਘਾਟਾ ਨਾ ਸਹਿਣਾ ਪਵੇ।

ਇਸ ਮੌਕੇ ਸਹਿਕਾਰਤਾ ਮੰਤਰੀ ਨਾਲ ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਰਾਹੁਲ ਤਿਵਾੜੀ, ਮਿਲਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਮਨਜੀਤ ਸਿੰਘ ਬਰਾੜ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ  ਐਸ.ਡੀ. ਬਾਤਿਸ਼ ਵੀ ਹਾਜ਼ਰ ਸਨ।