21 ਜੁਲਾਈ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, 55 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਹੀ ਮਿਲੇਗੀ ਇਜਾਜ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਬਾ ਬਰਫ਼ਾਨੀ ਦੇ ਭਗਤਾਂ ਦੀ ਉਡੀਕ ਦੀ ਘੜੀ ਖ਼ਤਮ ਹੋ ਗਈ ਹੈ। ਉਨ੍ਹਾਂ ਲਈ ਚੰਗੀ ਖ਼ਬਰ ਹੈ। ਸ੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਯਾਤਰਾ ਸ਼ੁਰੂ ਕਰਨ ਸਬੰਧੀ ਫ਼ੈਸਲਾ ਲੈ ਲਿਆ ਹੈ

Amarnath Yatra

ਸ੍ਰੀਨਗਰ, 6 ਜੂਨ: ਬਾਬਾ ਬਰਫ਼ਾਨੀ ਦੇ ਭਗਤਾਂ ਦੀ ਉਡੀਕ ਦੀ ਘੜੀ ਖ਼ਤਮ ਹੋ ਗਈ ਹੈ। ਉਨ੍ਹਾਂ ਲਈ ਚੰਗੀ ਖ਼ਬਰ ਹੈ। ਸ੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਯਾਤਰਾ ਸ਼ੁਰੂ ਕਰਨ ਸਬੰਧੀ ਫ਼ੈਸਲਾ ਲੈ ਲਿਆ ਹੈ। ਇਸ ਵਾਰ ਸਾਲਾਨਾ ਅਮਰਨਾਥ ਯਾਤਰਾ 21 ਜੁਲਾਈ ਤੋਂ ਸ਼ੁਰੂ ਹੋ ਕੇ 3 ਅਗੱਸਤ ਨੂੰ ਰਖੜੀ ਵਾਲੇ ਦਿਨ ਖ਼ਤਮ ਹੋ ਜਾਵੇਗੀ, ਯਾਨੀ ਯਾਤਰਾ ਦੀ ਮਿਆਦ ਸਿਰਫ਼ 14 ਦਿਨ ਰਹੇਗੀ। ਸਾਧੂਆਂ ਨੂੰ ਛੱਡ ਕੇ ਯਾਤਰਾ ’ਤੇ ਜਾਣ ਵਾਲੇ ਹੋਰ ਸ਼ਰਧਾਲੂਆਂ ਦੀ ਉਮਰ 55 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਯਾਤਰਾ ਕਰਨ ਵਾਲੇ ਸਾਰੇ ਲੋਕਾਂ ਕੋਲ ਕੋਵਿਡ-19 ਟੈਸਟ ਸਰਟੀਫਿਕੇਟ ਹੋਣਾ ਵੀ ਲਾਜ਼ਮੀ ਹੋਵੇਗਾ।

ਇਹ ਜਾਣਕਾਰੀ ਸ੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੇ ਇਕ ਅਧਿਕਾਰੀ ਨੇ ਦਿਤੀ ਹੈ। ਸਮੁੰਦਰ ਤਲ ਤੋਂ ਕਰੀਬ 3888 ਮੀਟਰ ਦੀ ਉਚਾਈ ’ਤੇ ਸਥਿਤੀ ਸ਼੍ਰੀ ਅਮਰਨਾਥ ਯਾਤਰਾ ਦੀ ਸਾਲਾਨਾ ਤੀਰਥ ਯਾਤਰਾ ਸਬੰਧੀ ਜਾਰੀ ਦੁਚਿੱਤੀ ਹੁਣ ਖ਼ਤਮ ਹੋ ਗਈ ਹੈ। ਇਸ ਵਾਰ ਯਾਤਰਾ ਸਿਰਫ਼ ਬਾਲਟਾਲ ਤੋਂ ਹੋਵੇਗੀ। ਪਵਿੱਤਰ ਗੁਫ਼ਾ ਤਕ ਦੇ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।

ਬੋਰਡ ਮੀਟਿੰਗ ’ਚ ਇਹ ਵੀ ਤੈਅ ਕੀਤਾ ਗਿਆ ਹੈ ਕਿ ਕੋਰੋਨਾ ਕਹਿਰ ਕਾਰਨ ਜਿਹੜੇ ਸ਼ਰਧਾਲੂ ਇਸ ਵਾਰ ਯਾਤਰਾ ’ਤੇ ਆਉਣ ਤੋਂ ਵਾਂਝੇ ਰਹੇ ਗਏ ਹਨ, ਉਨ੍ਹਾਂ ਲਈ ਵੀ ਵਿਵਸਥਾ ਕੀਤੀ ਗਈ ਹੈ। 14 ਦਿਨਾਂ ਦੀ ਯਾਤਰਾ ਦੌਰਾਨ ਬਾਬਾ ਬਰਫ਼ਾਨੀ ਦੀ ਪਵਿੱਤਰ ਗੁਫ਼ਾ ’ਚ ਸਵੇਰੇ-ਸ਼ਾਮ ਹੋਣ ਵਾਲੀ ਵਿਸ਼ੇਸ਼ ਆਰਤੀ ਦੇਸ਼ ਭਰ ’ਚ ਲਾਈਵ ਟੈਲੀਕਾਸਟ ਕੀਤੀ ਜਾਵੇਗੀ।

ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਮਜ਼ਦੂਰਾਂ ਦੀ ਘਾਟ ਕਾਰਨ ਬੇਸ ਕੈਂਪ ਤੋਂ ਗੁਫ਼ਾ ਤਕ ਟ੍ਰੈਕ ਬਣਾਉਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੋਰਡ ਦਾ ਪੂਰਾ ਯਤਨ ਹੈ ਕਿ 21 ਜੁਲਾਈ ਤੋਂ ਪਹਿਲਾਂ-ਪਹਿਲਾਂ ਬਾਲਟਾਲ ਮਾਰਗ ਨੂੰ ਸ਼ਰਧਾਲੂਆਂ ਲਈ ਤਿਆਰ ਕਰ ਦਿੱਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਵੀ ਜ਼ਿਲ੍ਹਾ ਗਾਂਦਰਬਲ ’ਚ ਬਾਲਟਾਲ ਬੇਸ ਕੈਂਪ ਤੋਂ ਹੈਲੀਕਾਪਟਰ ਦੀ ਵਰਤੋਂ ਕਰ ਕੇ ਸ਼ਰਧਾਲੂਆਂ ਨੂੰ ਯਾਤਰਾ ਕਰਵਾਉਣ ਦੀ ਵਿਵਸਥਾ ਕੀਤੀ ਜਾਵੇਗੀ।           (ਏਜੰਸੀ)