ਵਾਹਨਾਂ ਦੀਆਂ ਨੰਬਰ ਪਲੇਟਾਂ ਲਈ ਆਇਆ ਨਵਾਂ ਨਿਯਮ, ਨੰਬਰ ਪਲੇਟਾਂ 'ਤੇ ਲੱਗੇਗੀ ਹਰੀ ਪੱਟੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ

BS-6 Vehicles

ਨਵੀਂ ਦਿੱਲੀ : ਸੜਕਾਂ 'ਤੇ ਨਵੇਂ ਭਾਰਤ ਸਟੇਜ (ਬੀਐਸ)-6 ਵਾਹਨਾਂ ਲਈ ਵਿਸ਼ੇਸ਼ ਪਛਾਣ ਲਾਜ਼ਮੀ ਕਰਨ ਲਈ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕਮਰਕੱਸ ਲਈ ਹੈ। ਇਸੇ ਤਹਿਤ ਮੰਤਰਾਲੇ ਨੇ ਭਾਰਤ ਸਟੇਜ (ਬੀਐਸ)-6 ਫੋਰਵੀਲ੍ਹਰ ਵਾਹਨਾਂ ਲਈ ਨਵਾਂ ਨਿਯਮ ਬਣਾਇਆ ਹੈ। ਇਹ ਨਿਯਮ 1 ਅਕਤੂਬਰ 2020 ਤੋਂ ਲਾਗੂ ਹੋਣ ਜਾ ਰਿਹਾ ਹੈ।

ਸੜਕ ਆਵਜਾਈ ਤੇ ਰਾਜ ਮਾਰਗ ਮੰਤਰਾਲੇ ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ ਬੀਐਸ-6 ਫੋਰ ਵਹੀਲ੍ਹਰ ਦੀ ਰਜਿਸਟ੍ਰੇਸ਼ਨ ਦੇ ਵੇਰਵਿਆਂ ਜਾਂ ਨੰਬਰ ਪਲੇਟ ਦੇ ਉਪਰ ਹਰੀ ਪੱਟੀ ਰੱਖਣੀ ਲਾਜ਼ਮੀ ਕਰ ਦਿਤੀ ਗਈ ਹੈ। ਇਸ ਤਰ੍ਹਾਂ ਇਨ੍ਹਾਂ ਵਾਹਨਾਂ ਦੀ ਪਛਾਣ ਤੇ ਵਿਸ਼ੇਸ਼ਤਾ ਦੀ ਪਛਾਣ ਕਰਨਾ ਅਸਾਨ ਹੋ ਜਾਵੇਗਾ। ਮੰਤਰਾਲੇ ਦੇ ਸੂਤਰਾਂ ਅਨੁਸਾਰ ਇਹ ਨਿਯਮ ਪਟਰੌਲ, ਸੀਐਨਜੀ ਤੇ ਡੀਜ਼ਲ ਨਾਲ ਚੱਲਣ ਵਾਲੇ ਹਰ ਪ੍ਰਕਾਰ ਦੇ ਫੋਰ ਵਹੀਲ੍ਹਰ ਵਾਹਨਾਂ 'ਤੇ ਲਾਗੂ ਹੋਵੇਗਾ।

ਕਾਬਲੇਗੌਰ ਹੈ ਕਿ ਦੇਸ਼ ਭਰ ਅੰਦਰ ਬੀਐਸ-6 ਵਾਹਨਾਂ ਦੇ ਪ੍ਰਚੱਲਣ ਨੂੰ ਉਤਸਾਹਿਤ ਕਰਨ ਹਿਤ ਕਈ ਕਦਮ ਚੁੱਕੇ ਗਏ ਹਨ। ਇਸੇ ਤਹਿਤ 1 ਅਪ੍ਰੇਲ, 2020 ਤੋਂ ਨਿਕਾਸ ਦੇ ਨਵੇਂ ਨਿਯਮ ਲਾਜ਼ਮੀ ਕਰਾਰ ਕੀਤੇ ਜਾ ਚੁੱਕੇ ਹਨ। ਕਈ ਦੂਜੇ ਦੇਸ਼ਾਂ ਅੰਦਰ ਵੀ ਅਜਿਹੇ ਵਾਹਨਾਂ ਦੀ ਪਛਾਣ ਲਈ ਵਿਸ਼ੇਸ਼ ਨਿਸ਼ਾਨ ਲਗਾਉਣੇ ਸ਼ੁਰੂ ਕੀਤੇ ਗਏ ਹਨ। ਇਸੇ ਦੇ ਮੱਦੇਨਜ਼ਰ ਭਾਰਤ ਅੰਦਰ ਵੀ ਵਾਹਨਾਂ ਦੀ ਪਛਾਣ ਹਿਤ ਨਵਾਂ ਨਿਯਮ ਬਣਾਇਆ ਗਿਆ ਹੈ।

ਮੰਤਰਾਲੇ ਦੇ ਸੂਤਰਾਂ ਅਨੁਸਾਰ ਬੀਐਸ-6 ਫੋਰਵਹੀਲਰ ਵਾਹਨਾਂ ਦੀਆਂ ਨੰਬਰ ਪਲੇਟਾਂ 'ਤੇ ਇਕ ਸੈਂਟੀਮੀਟਰ ਚੌੜੀ ਪੱਟੀ ਰੱਖਣੀ ਲਾਜ਼ਮੀ ਕਰ ਦਿਤੀ ਗਈ ਹੈ। ਹਰੇ ਰੰਗ ਦੇ ਇਸ ਪੱਟੀ 'ਤੇ ਵਾਹਨ ਦੇ ਬਾਲਣ ਦੇ ਅਨੁਕੂਲ ਹੋਣ ਲਈ ਇਕ ਸਟਿੱਕਰ ਵੀ ਲਾਇਆ ਜਾਵੇਗਾ।

ਪਟਰੌਲ, ਡੀਜਲ ਅਤੇ ਸੀਐਨਜੀ ਵਾਹਨਾਂ ਲਈ ਇਸ ਸਟਿੱਕਰ ਦਾ ਰੰਗ ਵੱਖੋ-ਵੱਖਰਾ ਰੱਖਿਆ ਗਿਆ ਹੈ। ਪਟਰੌਲ ਅਤੇ ਸੀਐਨਜੀ ਨਾਲ ਚੱਲਣ ਵਾਲੇ ਵਾਹਨਾਂ 'ਤੇ ਇਸ ਪੱਟੀ ਦਾ ਰੰਗ ਨੀਲਾ ਹੋਵੇਗਾ ਜਦਕਿ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ 'ਤੇ ਇਹ ਸਟਿੱਕਰ ਸੰਤਰੀ ਰੰਗ ਦਾ ਲੱਗੇਗਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ