ਧੋਖਾਧੜੀ ਨਾਲ 25 ਸਕੂਲਾਂ 'ਚ ਨੌਕਰੀ ਕਰਨ ਵਾਲੀ ਅਧਿਆਪਕਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

13 ਮਹੀਨਿਆਂ 'ਚ ਲੈ ਚੁੱਕੀ ਸੀ 1 ਕਰੋੜ ਰੁਪਏ ਦੀ ਤਨਖ਼ਾਹ

Job Teacher School

ਕਾਸ਼ਗੰਜ: ਫ਼ਰਜ਼ੀਵਾੜੇ ਦੇ ਕੇਸ ਤਾਂ ਤੁਸੀਂ ਬਥੇਰੇ ਦੇਖੇ ਅਤੇ ਸੁਣੇ ਹੋਣਗੇ ਪਰ ਯੂਪੀ ਵਿਚ ਹੋਏ ਇਕ ਫਰਜ਼ੀਵਾੜੇ ਨੇ ਸਰਕਾਰ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਜੀ ਹਾਂ, ਯੂਪੀ ਦੇ ਕਾਸ਼ਗੰਜ ਵਿਚ ਇਕ ਅਜਿਹੀ ਟੀਚਰ ਨੂੰ ਗ੍ਰਿਫ਼ਤਾਰ ਕੀਤਾ ਗਿਐ ਜੋ ਫ਼ਰਜ਼ੀ ਪ੍ਰਮਾਣ ਪੱਤਰਾਂ ਦੇ ਆਧਾਰ 'ਤੇ  25 ਜ਼ਿਲ੍ਹਿਆਂ ਦੇ ਵੱਖ-ਵੱਖ 25 ਸਕੂਲਾਂ ਵਿਚ ਨੌਕਰੀ ਕਰਦੀ ਸੀ।

ਇਸ ਦੌਰਾਨ ਅਨਾਮਿਕਾ ਨਾਂਅ ਦੀ ਇਸ ਟੀਚਰ ਨੇ ਮਹਿਜ਼ 13 ਮਹੀਨੇ ਵਿਚ ਹੀ ਕਰੀਬ ਇਕ ਕਰੋੜ ਰੁਪਏ ਦੀ ਤਨਖ਼ਾਹ ਸਰਕਾਰ ਪਾਸੋਂ ਲੈ ਲਈ। ਆਓ ਤੁਹਾਨੂੰ ਦੱਸਦੇ ਆਂ ਕਿ ਕਿਵੇਂ ਕੀਤਾ ਅਨਾਮਿਕਾ ਨੇ ਇਹ ਫ਼ਰਜ਼ੀਵਾੜਾ ਅਤੇ ਕਿਵੇਂ ਹੋਇਆ ਇਸ ਦਾ ਖ਼ੁਲਾਸਾ? ਦਰਅਸਲ ਕਸਤੂਰਬਾ ਗਾਂਧੀ ਰਿਹਾਇਸ਼ੀ ਸਕੂਲਾਂ ਵਿਚ ਠੇਕੇ 'ਤੇ ਲੱਗਣ ਵਾਲੀ ਨੌਕਰੀ ਵਿਚ ਦਸਤਾਵੇਜ਼ਾਂ ਦੀ ਜਾਂਚ ਨਹੀਂ ਹੁੰਦੀ, ਇੰਟਰਵਿਊ ਦੌਰਾਨ ਹੀ ਅਸਲੀ ਦਸਤਾਵੇਜ਼ ਦੇਖੇ ਜਾਂਦੇ ਹਨ।

ਚੋਣ ਮੈਰਿਟ ਦੇ ਆਧਾਰ 'ਤੇ ਹੁੰਦੀ ਹੈ। ਅਜਿਹੇ ਵਿਚ ਅਨਾਮਿਕਾ ਦੇ ਦਸਤਾਵੇਜ਼ਾਂ ਨੂੰ ਆਧਾਰ ਬਣਾਇਆ ਗਿਆ ਕਿਉਂਕਿ ਇਸ ਵਿਚ ਗ੍ਰੈਜੂਏਸ਼ਨ ਨੂੰ ਛੱਡ ਕੇ ਹਾਈ ਸਕੂਲ ਤੋਂ ਇੰਟਰ ਤਕ 76 ਫ਼ੀਸਦੀ ਤੋਂ ਜ਼ਿਆਦਾ ਅੰਕ ਹਨ। ਅਨਾਮਿਕਾ ਦਾ ਕਹਿਣਾ ਹੈ ਕਿ ਮੈਨਪੁਰੀ ਦੇ ਰਹਿਣ ਵਾਲੇ ਰਾਜ ਨਾਂਅ ਦੇ ਵਿਅਕਤੀ ਨੇ ਉਸ ਨੂੰ ਇਕ ਲੱਖ ਰੁਪਏ ਵਿਚ ਦਸਤਾਵੇਜ਼ਾਂ 'ਤੇ ਨੌਕਰੀ ਲਗਵਾਉਣ ਦਾ  ਵਾਅਦਾ ਕੀਤਾ ਸੀ ਅਤੇ ਅਗਸਤ 2018 ਵਿਚ ਹੀ ਉਸ ਨੇ ਨਿਯੁਕਤੀ ਪੱਤਰ ਵੀ ਦਿਵਾ ਦਿੱਤਾ ਸੀ।

ਅਨਾਮਿਕਾ ਨੇ ਦਸਿਆ ਕਿ ਉਸ ਨੂੰ ਨੌਕਰੀ ਕਰਦਿਆਂ ਡੇਢ ਸਾਲ ਹੋ ਗਿਆ ਹੈ। ਦਰਅਸਲ ਅਨਾਮਿਕਾ ਦਾ ਇਹ ਫ਼ਰਜ਼ੀਵਾੜਾ ਉਸ ਸਮੇਂ ਸਾਹਮਣੇ ਆਇਆ ਜਦੋਂ ਬੇਸਿਕ ਸਿੱਖਿਆ ਵਿਭਾਗ ਵੱਲੋਂ ਡਿਜ਼ੀਟਲ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਨਾਮਿਕਾ ਸ਼ੁਕਲਾ ਨਾਂਅ ਦੀ ਇਕ ਟੀਚਰ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਕੰਮ ਕਰ ਰਹੀ ਹੈ।

ਇਸ ਤੋਂ ਬਾਅਦ ਉਸ ਨੂੰ ਨੋਟਿਸ ਭੇਜਿਆ ਗਿਆ, ਜਿਸ 'ਤੇ ਉਹ ਜਦੋਂ ਅਸਤੀਫ਼ਾ ਦੇਣ ਕਾਸ਼ਗੰਜ ਪੁੱਜੀ ਤਾਂ ਫਰਜ਼ੀਵਾੜਾ ਅਤੇ ਤਨਖ਼ਾਹ ਲੈਣ ਦੇ ਦੋਸ਼ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬੇਸਿਕ ਸਿੱਖਿਆ ਅਧਿਕਾਰੀ ਅੰਜਲੀ ਅਗਰਵਾਲ ਨੇ ਕਿਹਾ ਕਿ ਅਨਾਮਿਕਾ ਸ਼ੁਕਲਾ ਪਿਛਲੇ ਡੇਢ ਸਾਲ ਤੋਂ ਫ਼ਰਜ਼ੀਵਾੜੇ ਤਹਿਤ ਨੌਕਰੀ ਕਰਦੀ ਆ ਰਹੀ ਸੀ, ਜਿਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਅੰਜਲੀ ਅਗਰਵਾਲ ਨੇ ਦਸਿਆ ਕਿ ਉਹ ਲਗਭਗ ਡੇਢ ਸਾਲ ਤੋਂ ਨੌਕਰੀ ਕਰ ਰਹੀ ਹੈ। ਉਸ ਨੇ ਫਰਜ਼ੀਵਾੜੇ ਦੇ ਆਧਾਰ ਤੇ ਨੌਕਰੀ ਕੀਤੀ ਹੈ। ਫਿਲਹਾਲ ਕਾਸ਼ਗੰਜ ਦੀ ਪੁਲਿਸ ਨੇ ਅੰਜਲੀ ਅਗਰਵਾਲ ਦੇ ਬਿਆਨਾਂ 'ਤੇ ਅਨਾਮਿਕਾ ਵਿਰੁੱਧ ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਮਾਮਲੇ ਵਿਚ ਧਾਰਾ 420, 467 ਅਤੇ 468 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਪੜਤਾਲ ਕਰਨ ਵਿਚ ਜੁਟ ਗਈ ਐ, ਜਿਸ ਦੌਰਾਨ ਹੋਰ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।