LAC 'ਤੇ ਵਿਵਾਦ ਨੂੰ ਲੈ ਕੇ ਭਾਰਤ-ਚੀਨ ਫ਼ੌਜ ਵਿਚਕਾਰ ਲੈਫ਼ਟੀਨੈਂਟ ਜਨਰਲ ਪੱਧਰ ਦੀ ਹੋਈ ਗੱਲਬਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਰਬੀ ਲੱਦਾਖ ਰੇੜਕਾ

Military commanders of India and China held talk

ਨਵੀਂ ਦਿੱਲੀ: ਪੂਰਬੀ ਲੱਦਾਖ 'ਚ ਲਗਭਗ ਇਕ ਮਹੀਨੇ ਤੋਂ ਸਰਹੱਦ 'ਤੇ ਜਾਰੀ ਰੇੜਕੇ ਦੇ ਹੱਲ ਲਈ ਭਾਰਤ ਅਤੇ ਚੀਨ ਦੀ ਫ਼ੌਜ ਵਿਚਕਾਰ ਸਨਿਚਰਵਾਰ ਨੂੰ ਲੈਫ਼ਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਭਾਰਤੀ ਵਫ਼ਦ ਦੀ ਅਗਵਾਈ ਲੇਹ ਸਥਿਤ 14ਵੀਂ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਜਦਕਿ ਚੀਨੀ ਧਿਰ ਦੀ ਅਗਵਾਈ ਤਿੱਬਤ ਫ਼ੌਜੀ ਜ਼ਿਲ੍ਹਾ ਕਮਾਂਡਰ ਕਰ ਰਹੇ ਸਨ।

ਇਹ ਗੱਲਬਾਤ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਚੀਨ ਵਾਲੇ ਪਾਸੇ ਮਾਲਡੋ ਸਰਹੱਦੀ ਮੁਲਾਜ਼ਮ ਬੈਠਕ ਵਾਲੀ ਥਾਂ 'ਤੇ ਹੋਈ। ਗੱਲਬਾਤ ਬਾਰੇ ਕੋਈ ਖ਼ਾਸ ਵੇਰਵਾ ਦਿਤੇ ਬਗ਼ੈਰ, ਭਾਰਤੀ ਫ਼ੌਜ ਦੇ ਇਕ ਬੁਲਾਰੇ ਨੇ ਕਿਹਾ, ''ਭਾਰਤ ਅਤੇ ਚੀਨ ਦੇ ਅਧਿਕਾਰੀ ਭਾਰਤ-ਚੀਨ ਸਰਹੱਦੀ ਇਲਾਕਿਆਂ 'ਚ ਬਣੇ ਵਰਤਮਾਨ ਹਾਲਾਤ ਦੇ ਮੱਦੇਨਜ਼ਰ ਸਥਾਪਤ ਫ਼ੌਜੀ ਅਤੇ ਸਫ਼ਾਰਤੀ ਮਾਧਿਅਮਾਂ ਜ਼ਰੀਏ ਇਕ-ਦੂਜੇ ਦੇ ਲਗਾਤਾਰ ਸੰਪਰਕ 'ਚ ਬਣੇ ਹੋਏ ਹਨ।''

ਸੂਤਰਾਂ ਨੇ ਕਿਹਾ ਕਿ ਦੋਹਾਂ ਫ਼ੌਜਾਂ 'ਚ ਸਥਾਨਕ ਕਮਾਂਡਰਾਂ ਦੇ ਪੱਧਰ ਦੀ 12 ਦੌਰ ਦੀ ਗੱਲਬਾਤ ਅਤੇ ਮੇਜਰ ਜਨਰਲ ਰੈਂਕ ਦੇ ਅਧਿਕਾਰੀਆਂ ਵਿਚਕਾਰ ਤਿੰਨ ਦੌਰ ਦੀ ਗੱਲਬਾਤ ਤੋਂ ਬਾਅਦ ਕੋਈ ਠੋਸ ਨਤੀਜਾ ਨਾ ਨਿਕਲਣ 'ਤੇ ਸਨਿਚਰਵਾਰ ਨੂੰ ਲੈਫ਼ਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ।

ਉੱਚ ਪੱਧਰੀ ਗੱਲਬਾਤ ਦੇ ਪਹਿਲੇ ਦਿਨ ਦੋਹਾਂ ਦੇਸ਼ਾਂ ਵਿਚਕਾਰ ਸਫ਼ਾਰਤੀ ਪੱਧਰ 'ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਦੋਹਾਂ ਧਿਰਾਂ 'ਚ ਅਪਣੇ 'ਮਤਭੇਦਾਂ' ਦਾ ਹੱਲ ਸ਼ਾਂਤਮਈ ਗੱਲਬਾਤ ਜ਼ਰੀਏ ਇਕ-ਦੂਜੇ ਦੀਆਂ ਸੰਵੇਦਨਾਵਾਂ ਅਤੇ ਚਿੰਤਾਵਾਂ ਦਾ ਧਿਆਨ ਰਖਦਿਆਂ ਕੱਢਣ 'ਤੇ ਸਹਿਮਤੀ ਬਣੀ ਸੀ।

ਇਸ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਸੀ ਕਿ ਭਾਰਤੀ ਧਿਰ ਪੂਰਬੀ ਲੱਦਾਖ 'ਚ ਗਲਵਾਨ ਵਾਦੀ, ਪੈਂਗੋਂਗ ਸੋ ਅਤੇ ਗੋਗਰਾ 'ਚ ਪਹਿਲਾਂ ਵਾਲੀ ਸਥਿਤੀ ਦੀ ਮੁੜ ਬਹਾਲੀ ਲਈ ਦਬਾਅ ਬਣਾਏਗਾ ਅਤੇ ਖੇਤਰ 'ਚ ਕਾਫ਼ੀ ਗਿਣਤੀ 'ਚ ਚੀਨੀ ਫ਼ੌਜੀਆਂ ਦੇ ਇਕੱਠੇ ਹੋਣ ਦਾ ਵੀ ਵਿਰੋਧ ਕਰੇਗਾ ਅਤੇ ਚੀਨ ਨੂੰ ਕਹੇਗਾ ਕਿ ਉਹ ਭਾਰਤ ਵਲੋਂ ਸਰਹੱਦ ਅਪਣੇ ਪਾਸੇ ਕੀਤੇ ਜਾ ਰਹੇ ਮੁਢਲੇ ਢਾਂਚੇ ਦੇ ਵਿਕਾਸ ਦਾ ਵਿਰੋਧ ਨਾ ਕਰੇ।

ਪਿਛਲੇ ਮਹੀਨੇ ਦੇ ਸ਼ੁਰੂ 'ਚ ਰੇੜਕਾ ਸ਼ੁਰੂ ਹੋਣ ਮਗਰੋਂ ਭਾਰਤੀ ਫ਼ੌਜ ਦੀ ਲੀਡਰਸ਼ਿਪ ਨੇ ਫ਼ੈਸਲਾ ਕੀਤਾ ਸੀ ਕਿ ਭਾਰਤੀ ਜਵਾਨ ਚੀਨੀ ਫ਼ੌਜੀਆਂ ਦੇ ਹਮਲਾਵਰ ਰਵਈਏ ਵਿਰੁਧ ਵਿਵਾਦਤ ਖੇਤਰ ਪੈਂਗੋਂਗ ਸੋ, ਗਲਵਾਨ ਵਾਦੀ, ਡੇਮਚੋਕ ਅਤੇ ਦੌਲਤਬੇਗ ਓਲਡੀ 'ਚ ਦ੍ਰਿੜ ਰੁਖ ਅਪਨਾਉਣਗੇ। ਮੰਨਿਆ ਜਾ ਰਿਹਾ ਹੈ ਕਿ ਚੀਨੀ ਫ਼ੌਜ ਨੇ ਪੈਂਗੋਂਗ ਸੋ ਅਤੇ ਗਲਵਾਨ ਵਾਦੀ 'ਚ ਲਗਭਗ 2500 ਫ਼ੌਜੀਆਂ ਦੀ ਤੈਨਾਤੀ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਹ ਹੌਲੀ-ਹੌਲੀ ਉਥੇ ਅਪਣੇ ਅਸਕਾਈ ਢਾਂਚਿਆਂ ਅਤੇ ਹਥਿਆਰਾਂ ਨੂੰ ਵੀ ਵਧਾ ਰਿਹਾ ਹੈ।

ਸੂਤਰਾਂ ਨੇ ਕਿਹਾ ਕਿ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ 'ਚ ਦਿਸ ਰਿਹਾ ਹੈ ਕਿ ਚੀਨ ਨੇ ਅਸਲ ਕੰਟਰੋਲ ਰੇਖਾ ਦੇ ਅਪਣੇ ਪਾਸੇ ਦੇ ਖੇਤਰ 'ਚ ਫ਼ੌਜੀ ਮੁਢਲਾ ਢਾਂਚੇ 'ਚ ਮਹੱਤਵਪੂਰਨ ਰੂਪ ਨਾਲ ਵਾਧਾ ਕੀਤਾ ਹੈ ਜਿਸ ਨਾਲ ਪੈਂਗੋਂਗ ਸੋ ਇਲਾਕੇ ਤੋਂ 180 ਕਿਲੋਮੀਟਰ ਦੂਰ ਫ਼ੌਜੀ ਹਵਾਈ ਅੱਡੇ ਦਾ ਨਿਰਮਾਣ ਵੀ ਸ਼ਾਮਲ ਹੈ।
ਦੋਹਾਂ ਦੇਸ਼ਾਂ ਦੇ ਫ਼ੌਜੀ ਬੀਤੀ ਪੰਜ ਮਈ ਨੂੰ ਪੂਰਬੀ ਲੱਦਾਖ ਦੇ ਪੈਂਗੋਂਗ ਸੋ ਖੇਤਰ 'ਚ ਲੋਹੇ ਦੀ ਰਾਡ ਅਤੇ ਲਾਠੀ-ਡੰਡੇ ਲੈ ਕੇ ਆਪਸ 'ਚ ਭਿੜ ਗਏ ਸਨ। ਉਨ੍ਹਾਂ ਵਿਚਕਾਰ ਪੱਥਰਬਾਜ਼ੀ ਵੀ ਹੋਈ ਸੀ।

ਇਸ ਘਟਨਾ 'ਚ ਦੋਹਾ ਧਿਰਾਂ ਦੇ ਫ਼ੌਜੀ ਜ਼ਖ਼ਮੀ ਹੋਏ ਸਨ। ਪੰਜ ਮਈ ਦੀ ਸ਼ਾਮ ਨੂੰ ਚੀਨ ਅਤੇ ਭਾਰਤ ਦੇ 250 ਫ਼ੌਜੀਆਂ ਵਿਚਕਾਰ ਹੋਈ ਇਹ ਹਿੰਸਾ ਅਗਲੇ ਦਿਨ ਵੀ ਜਾਰੀ ਰਹੀ। ਇਸ ਤੋਂ ਬਾਅਦ ਦੋਵੇਂ ਧਿਰਾਂ 'ਵੱਖ' ਹੋਈਆਂ। ਇਸੇ ਤਰ੍ਹਾਂ ਦੀ ਘਟਨਾ 'ਚ 9 ਮਈ ਨੂੰ ਸਿੱਕਿਮ ਸੈਕਟਰ 'ਚ ਨਾਕੂ ਲਾ ਦੱਰੇ ਕੋਲ ਲਗਭਗ 150 ਭਾਰਤੀ ਅਤੇ ਚੀਨੀ ਫ਼ੌਜੀ ਆਪਸ 'ਚ ਭਿੜ ਗਏ ਸਨ।